
ਬੇਅਦਬੀਆਂ ਦਾ ਇਨਸਾਫ਼ ਨਾ ਮਿਲਣ ਕਾਰਨ ਸਿੱਖ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਖ਼ੁਦ ਇਨਸਾਫ਼ ਕਰਨਾ ਚਾਹੀਦੈ : ਰਵੀ ਸਿੰਘ
ਕਰਨਾ ਚਾਹੀਦੈ : ਰਵੀ ਸਿੰਘ
ਚੰਡੀਗੜ੍ਹ, 16 ਅਕਤੂਬਰ (ਪ੍ਰਕਾਸ਼): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਅਤੇ ਘੱਟ ਗਿਣਤੀਆਂ ਉੱਤੇ ਹਮਲਿਆਂ ਵਿਚ ਵਾਧੇ ਸਬੰਧੀ ਖ਼ਾਲਸਾ ਏਡ ਮੁਖੀ ਰਵੀ ਸਿੰਘ ਨੇ ਅਪਣਾ ਬਿਆਨ ਜਾਰੀ ਕੀਤਾ ਹੈ | ਸੋਸ਼ਲ ਮੀਡੀਆ ਪੋਸਟ ਜ਼ਰੀਏ ਉਨ੍ਹਾਂ ਕਿਹਾ ਕਿ ਭਾਰਤ ਵਿਚ ਬੇਅਦਬੀ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਭਾਰਤੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਹੋਣ ਕਰ ਕੇ ਸੰਸਾਰ ਭਰ ਦੇ ਸਿੱਖਾਂ ਅੰਦਰ ਡੂੰਘਾ ਰੋਸ ਹੈ | ਇਹੀ ਕਾਰਨ ਹੈ ਕਿ ਸਿੱਖ ਮਹਿਸੂਸ ਕਰਦੇ ਨੇ ਕਿ ਉਨ੍ਹਾਂ ਨੂੰ ਖ਼ੁਦ ਇਨਸਾਫ਼ ਕਰਨਾ ਚਾਹੀਦਾ ਹੈ |
ਰਵੀ ਸਿੰਘ ਨੇ ਕਿਹਾ, 'ਭਾਰਤ ਸਿੱਖਾਂ ਨੂੰ ਅਨੇਕਾਂ ਵਾਰ ਇਨਸਾਫ਼ ਦੇਣ ਤੋਂ ਇਨਕਾਰੀ ਰਿਹਾ ਹੈ | ਪਿਛਲੇ ਲੰਮੇ ਅਰਸੇ ਤੋਂ ਅਸੀਂ ਸਾਰਿਆਂ ਨੇ ਭਾਰਤ ਵਿਚ ਸੱਤਾਧਾਰੀ ਸਿਆਸੀ ਜਮਾਤਾਂ ਨਾਲ ਜੁੜੇ ਹੋਏ ਲੋਕਾਂ ਦੁਆਰਾ ਘੱਟਗਿਣਤੀਆਂ ਉਤੇ ਹਮਲਿਆਂ ਵਿਚ ਵਾਧਾ ਹੁੰਦਾ ਦੇਖਿਆ ਹੈ | ਇਹ ਹਮਲਾਵਰ ਸਿਆਸਤਦਾਨਾਂ ਦੀ ਪੁਸ਼ਤਪਨਾਹੀ ਵਿਚ ਘੱਟ ਗਿਣਤੀ ਤੇ ਜ਼ੁਲਮ ਕਰ ਕੇ ਸਰਕਾਰੀ ਸੁਰੱਖਿਆ ਹੇਠ ਖੁੱਲ੍ਹੇਆਮ ਸਮਾਜ ਵਿਚ ਵਿਚਰਦੇ ਦੇਖੇ ਜਾ ਸਕਦੇ ਹਨ |'' ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ | ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਭਾਰਤੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਹੋਣ ਕਰ ਕੇ ਸੰਸਾਰ ਭਰ ਦੇ ਸਿੱਖਾਂ ਅੰਦਰ ਡੂੰਘਾ ਰੋਸ ਹੈ |