
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਖਿੱਲੀ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਮਾਮਲਿਆਂ ਵਿਚ ਉਨ੍ਹਾਂ ਵਿਰੁੱਧ ਚੱਲ ਰਹੀ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਦੱਸ ਕੇ ਉਹ ਲੋਕਾਂ ਦਾ ਧਿਆਨ ਭਟਕਾਉਣ ਦੀਆਂ ਮਾਯੂਸ ਕੋਸ਼ਿਸ਼ਾਂ ਕਰ ਰਹੇ ਹਨ।
ਐਸ.ਆਈ.ਟੀ. ਦੁਆਰਾ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੇ ਪ੍ਰਭਾਵ ਹੇਠ ਕੰਮ ਕਰਨ ਸਬੰਧੀ ਬਾਦਲ ਵਲੋਂ ਦਿਤੇ ਬਿਆਨ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਕੀਤੇ ਫੈਸਲੇ ਦੀ ਪਾਲਣਾ ਕਰਦਿਆਂ ਜਾਂਚ ਟੀਮ ਦਾ ਗਠਨ ਅਪਣੀ ਡਿਊਟੀ ਮੁਕਾ ਦਿਤੀ ਹੈ। ਮੁੱਖ ਮੰਤਰੀ ਨੇ ਆਖਿਆ, ''ਐਸ.ਆਈ.ਟੀ. ਇਕ ਆਜ਼ਾਦ ਏਜੰਸੀ ਹੈ ਅਤੇ ਸਰਕਾਰ ਦੀ ਇਸ ਦੇ ਕੰਮਕਾਜ ਵਿਚ ਕੋਈ ਭੂਮਿਕਾ ਨਹੀਂ।
ਉਨ੍ਹਾਂ ਕਿਹਾ ਕਿ ਇਹ ਹੁਣ ਜਾਂਚ ਅਧਿਕਾਰੀਆਂ 'ਤੇ ਨਿਰਭਰ ਹੈ ਕਿ ਉਹ ਜਿਵੇਂ ਚਾਹੁਣ, ਅਪਣੀ ਜਾਂਚ ਕਰਨ।'' ਅੱਜ ਇਥੇ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਐਸ.ਆਈ.ਟੀ. ਬਹੁਤ ਹੀ ਕਾਬਲ ਅਧਿਕਾਰੀ 'ਤੇ ਅਧਾਰਿਤ ਹੈ ਤੇ ਉਹ ਜਿਸ ਨੂੰ ਵੀ ਚਾਹੁਣ ਸੰਮਨ ਜਾਰੀ ਕਰਨ ਅਤੇ ਪੁੱਛਗਿੱਛ ਕਰਨ ਲਈ ਆਜ਼ਾਦ ਹਨ। ਉਨ੍ਹਾਂ ਕਿਹਾ, ''ਜੇਕਰ ਜਾਂਚ ਅਧਿਕਾਰੀਆਂ ਵਲੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਉਹ ਇਸ ਬਾਰੇ ਇਕ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਲਈ ਅਦਾਲਤ ਨੂੰ ਸੌਂਪਣਗੇ।
ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਾ ਚੱਲ ਰਹੀ ਜਾਂਚ ਜਾਂ ਜਾਂਚ ਦੇ ਸਿੱਟੇ ਵਿਚ ਜੋ ਵੀ ਹੋਵੇ, ਕੋਈ ਰੋਲ ਨਹੀਂ ਹੈ। ਮੁੱਖ ਮੰਤਰੀ ਨੇ ਆਖਿਆ ਕਿ ਬਾਦਲ ਵਲੋਂ ਦਿਤਾ ਸੁਝਾਅ ਬਹੁਤ ਹੀ ਹਾਸੋਹੀਣਾ ਹੈ ਕਿ ਐਸ.ਆਈ.ਟੀ. ਦੀ ਰਿਪੋਰਟ ਪੰਜਾਬ ਦੇ ਐਡਵੋਕੇਟ ਜਨਰਲ ਵਲੋਂ ਲਿਖੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ,''ਸ੍ਰੀ ਬਾਦਲ ਮੈਂ ਤੁਹਾਡੇ ਵਰਗਾ ਨਹੀਂ, ਮੈਂ ਤਾਂ ਕਾਨੂੰਨ ਅਤੇ ਨਿਰਪੱਖ ਜਾਂਚ ਵਿਚ ਵਿਸ਼ਵਾਸ ਰੱਖਦਾ ਹਾਂ।''
ਆਜ਼ਾਦ ਭਾਰਤ ਵਿਚ ਹੁਣ ਤੱਕ ਜਮਹੂਰੀ ਢੰਗ ਨਾਲ ਚੁਣਿਆ ਕੋਈ ਵੀ ਮੁੱਖ ਮੰਤਰੀ ਪੁੱਛਗਿੱਛ ਲਈ ਨਾ ਸੱਦਣ ਦਾ ਦਾਅਵਾ ਕਰਕੇ ਲੋਕਾਂ ਦੇ ਤਰਸ ਦਾ ਪਾਤਰ ਬਣਨ ਅਤੇ ਨੋਟੰਕੀ ਕਰਨ ਦੇ ਦੋਸ਼ ਬਾਦਲ 'ਤੇ ਲਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅਜਿਹਾ ਜਾਪਦਾ ਹੈ ਕਿ ਬਾਦਲ 'ਤੇ ਉਮਰ ਦਾ ਅਸਰ ਹੋ ਗਿਆ ਹੈ ਤੇ ਉਹ ਭੁੱਲਣ ਦੀ ਬਿਮਾਰੀ ਤੋਂ ਪੀੜਤ ਹਨ।
ਮੁੱਖ ਮੰਤਰੀ ਨੇ ਬਾਦਲ ਨੂੰ ਕਾਨੂੰਨ ਦਾ ਸਤਿਕਾਰ ਕਰਨ ਵਾਲੇ ਨਾਗਰਿਕ ਵਜੋਂ ਪੜਤਾਲ ਦਾ ਸਾਹਮਣਾ ਕਰਨ ਦੀ ਸਲਾਹ ਦਿੰਦੇ ਹੋਏ ਆਖਿਆ, ''ਤੁਹਾਡੀ ਸਰਕਾਰ ਦੌਰਾਨ ਪਟਿਆਲਾ ਸਰਕਟ ਹਾਊਸ ਵਿੱਚ ਪੁਲਿਸ ਨੇ ਮੈਨੂੰ ਮਨਘੜਤ ਦੋਸ਼ਾਂ 'ਚ ਸੰਮਨ ਜਾਰੀ ਕਰ ਕੇ ਪੁੱਛਗਿਛ ਕੀਤੀ ਸੀ।''