
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਸ: ਗੋਬਿੰਦ ਸਿੰਘ ਲੰਗੋਵਾਲ ਬਾਦਲ...
ਚੰਡੀਗੜ੍ਹ (ਸਸਸ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਸ: ਗੋਬਿੰਦ ਸਿੰਘ ਲੰਗੋਵਾਲ ਬਾਦਲ ਪਰਿਵਾਰ ਦੇ ਲਿਫਾਫੇ ਵਿਚੋਂ ਨਿਕਲਣ ਵਾਲੇ ਐਸ.ਜੀ.ਪੀ.ਸੀ. ਦੇ ਆਖ਼ਰੀ ਪ੍ਰਧਾਨ ਹਨ ਕਿਉਂਕਿ ਜਿਸ ਤਰਾਂ ਲੋਕ ਜਾਗ੍ਰਿਤ ਹੋ ਰਹੇ ਹਨ ਅਤੇ ਟਕਸਾਲੀ ਆਗੂਆਂ ਨੇ ਅਵਾਜ਼ ਬੁਲੰਦ ਕੀਤੀ ਹੈ, ਭਵਿੱਖ ਵਿਚ ਲੋਕਾਂ ਦੀ ਪਸੰਦ ਦੇ ਆਗੂ ਹੀ ਐਸ.ਜੀ.ਪੀ.ਸੀ. ਦੇ ਪ੍ਰਧਾਨ ਬਣਿਆ ਕਰਣਗੇ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਕੀਤੀਆਂ ਪੰਥ ਵਿਰੋਧੀ ਬਜ਼ਰ ਗਲਤੀਆਂ ਕਾਰਨ ਹੁਣ ਉਨਾਂ ਦਾ ਸਿਆਸੀ ਅੰਤ ਯਕੀਨੀ ਹੋ ਗਿਆ ਹੈ।
ਅੱਜ ਇਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ੱਕ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਸ: ਗੋਬਿੰਦ ਸਿੰਘ ਲੰਗੋਵਾਲ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਵਾ ਕੇ ਜਿਥੇ ਅਪਣੀ ਡੇਰਾ ਮੁੱਖੀ ਨਾਲ ਪੁਰਾਣੀ ਸਾਂਝ ਦਾ ਸਬੂਤ ਦਿਤਾ ਹੈ ਉਥੇ ਉਸ ਨੇ ਇਕ ਵਾਰ ਫਿਰ ਪੰਥ ਨਾਲ ਧੋਖਾ ਕੀਤਾ ਹੈ ਕਿਉਂਕਿ ਸ: ਲੰਗੋਵਾਲ ਡੇਰੇ ਜਾਣ ਕਰਕੇ ਪਹਿਲਾਂ ਹੀ ਤਨਖਾਈਏ ਕਰਾਰ ਦਿਤੇ ਗਏ ਸਨ।
ਸ੍ਰੀ ਜਾਖੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਅਪਣੀ ਸਰਕਾਰ ਸਮੇਂ ਸੱਤਾਂ ਦੇ ਨਸ਼ੇ ਵਿਚ ਆ ਕੇ ਪੰਥ ਨਾਲ ਕੀਤੀਆਂ ਗਦਾਰੀਆਂ ਲਈ ਨਾ ਕੇਵਲ ਮਾਫੀ ਮੰਗਣੀ ਪਵੇਗੀ ਸਗੋਂ ਕਾਨੂੰਨ ਵੀ ਉਨਾਂ ਨਾਲ ਨਿਪਟੇਗਾ। ਉਨਾਂ ਨੇ ਕਿਹਾ ਕਿ ਜਿਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਟ ਤੇ ਅਕਾਲੀ ਦਲ ਅਤੇ ਇਸ ਦੇ ਸਹਿਯੋਗੀਆਂ ਨੇ ਵਿਧਾਨ ਸਭਾ ਵਿਚ ਚਰਚਾ ਕਰਕੇ ਅਪਣਾ ਜਵਾਬ ਦੇਣਾ ਯੋਗ ਨਹੀਂ ਸਮਝਿਆ ਸੀ
ਅਤੇ ਨਾ ਹੀ ਕਮਿਸ਼ਨਰ ਨੂੰ ਅਪਣਾ ਕੋਈ ਜਵਾਬ ਸਹੀ ਤਰੀਕੇ ਨਾਲ ਭੇਜਦੇ ਸਨ। ਉਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਟ 5-5 ਰੁਪਏ ਵਿਚ ਵੇਚਣ ਵਾਲੇ ਹੁਣ ਸਾਰੇ ਪਾਸਿਓ ਘਿਰੇ ਬਾਦਲ ਪਰਿਵਾਰ ਉਸੇ ਕਮਿਸ਼ਨ ਅਨੁਸਾਰ ਬਣਾਈ ਵਿਸੇਸ਼ ਜਾਂਚ ਟੀਮ ਦੇ ਸਨਮੁੱਖ ਪੇਸ਼ ਹੋਣ ਲਈ ਮਜਬੂਰ ਹੋ ਗਏ ਹਨ। ਲੋਕ ਸਭਾ ਮੈਂਬਰ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਜਿੰਨਾਂ ਮੁੱਦਿਆਂ ਨੂੰ ਉਠਾ ਰਹੇ ਸੀ,
ਹੁਣ ਨਾ ਸਗੋਂ ਆਮ ਲੋਕ ਸਗੋਂ ਸੁਖਬੀਰ ਸਿੰਘ ਬਾਦਲ ਦੀ ਅਪਣੀ ਪਾਰਟੀ ਦੇ ਉਹ ਟਕਸਾਲੀ ਆਗੂ ਜਿੰਨਾਂ ਨੇ ਅਪਣੇ ਖ਼ੂਨ ਪਸੀਨੇ ਨਾਲ ਸਿੰਝ ਕੇ ਅਕਾਲੀ ਦਲ ਨੂੰ ਖੜਾ ਕੀਤਾ ਸੀ ਵੀ ਉਨ੍ਹਾਂ ਮੁੱਦਿਆਂ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਪਾਪਾਂ ਨੂੰ ਜਗ ਜ਼ਾਹਰ ਕਰਕੇ ਉਨਾਂ ਦੀ ਪੋਲ ਖੋਲ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਅਪਣਾ ਪੂਰਾ ਜੀਵਨ ਨਿਓਛਾਵਰ ਕਰਨ ਵਾਲੇ ਸੀਨੀਅਰ ਆਗੂਆਂ ਨੇ ਪਾਰਟੀ ਦੇ ਵਕਾਰ ਨੂੰ ਬਚਾਉਣ ਲਈ ਜਿਸ ਤਰਾਂ ਮੋਰਚਾ ਸੰਭਾਲਿਆ ਹੈ
ਇਸ ਨਾਲ ਬਾਦਲ ਪਰਿਵਾਰ ਦਾ ਪਾਰਟੀ ਤੇ ਕੰਟਰੋਲ ਖ਼ਤਮ ਹੋ ਰਿਹਾ ਹੈ ਅਤੇ ਇੰਨਾਂ ਦੇ ਸਿਆਸੀ ਅੰਤ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸੇ ਕਾਰਨ ਬਾਦਲ ਪਰਿਵਾਰ ਅਪਣੇ ਪੁਰਾਣੇ ਸਟੈਂਡ ਤੋਂ ਪਿੱਛੇ ਹੱਟ ਕੇ ਹੁਣ ਸਿਟ ਸਾਹਮਣੇ ਵੀ ਪੇਸ਼ ਹੋਣ ਨੂੰ ਮਜਬੂਰ ਹੋਇਆ ਹੈ। ਉਨਾਂ ਕਿਹਾ ਕਿ ਇੰਨਾਂ ਤੱਥਾਂ ਨੂੰ ਵੇਖਦਿਆਂ ਹੁਣ ਯਕੀਨੀ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਨਾ ਕੇਵਲ ਅਪਣੇ ਕੀਤੇ ਕੁਕਰਮਾਂ ਦੀ ਸਜ਼ਾ ਭੁਗਤਣੀ ਪਵੇਗੀ ਸਗੋਂ ਪਾਰਟੀ ਦੀ ਪ੍ਰਧਾਨਗੀ ਵੀ ਛੱਡਣੀ ਪਵੇਗੀ।