
ਚਾਰ ਲੋਕਾਂ ਦੀ ਤਲਾਸ਼ੀ ਲਈ ਜਿਨ੍ਹਾਂ ਕੋਲੋਂ 11 ਕਿਲੋਗ੍ਰਾਮ ਹੈਰੋਇਨ 11 ਲੱਖ 25 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਗਏ।
ਜਲੰਧਰ- ਪੰਜਾਬ 'ਚ ਨਸ਼ਾ ਤਸਕਰਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ 'ਚ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਅਤੇ ਸਮੱਗਲਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼ਾਹਕੋਟ ਦੀ ਪੁਲਿਸ ਨੇ ਇਕ ਨਾਕੇ ਦੌਰਾਨ ਚਾਰ ਲੋਕਾਂ ਦੀ ਤਲਾਸ਼ੀ ਲਈ ਜਿਨ੍ਹਾਂ ਕੋਲੋਂ 11 ਕਿਲੋਗ੍ਰਾਮ ਹੈਰੋਇਨ 11 ਲੱਖ 25 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਗਏ।
ਜਲੰਧਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਡਾ ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਮੁੱਖ ਅਫਸਰ ਐੱਸ ਆਈ ਸੁਰਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਣੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ਇਕ ਆਈ 20 ਕਾਰ ਨੂੰ ਰੋਕਿਆ। ਅੱਗੇ ਦੱਸਿਆ ਕਿ ਇਸ ਕਾਰ 'ਚ ਸਵਾਰ ਚਾਰੋਂ ਯੁਵਕਾਂ ਕੋਲੋਂ ਇੱਕ ਕਿੱਲੋ ਦੇ ਗਿਆਰਾਂ ਪੈਕੇਟ ਹੈਰੋਇਨ ਕੁੱਲ 11 ਕਿੱਲੋਗ੍ਰਾਮ ਹੈਰੋਇਨ ਅਤੇ 11 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਇਨ੍ਹਾਂ ਚਾਰਾਂ ਕੋਲੋਂ ਬਰਾਮਦ ਕੀਤੀ ਗਈ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ ਰਣਜੀਤ ਸਿੰਘ ਹਰਜਿੰਦਰਪਾਲ ਸਿੰਘ ਸੰਜੀਤ ਉਰਫ ਮਿੰਟੂ ਵਾਸੀ ਫਿਰੋਜ਼ਪੁਰ ਅਤੇ ਕਿਸ਼ਨ ਸਿੰਘ ਵਾਸੀ ਗੰਗਾਨਗਰ ਰਾਜਸਥਾਨ ਦੇ ਰੂਪ ਵਿਚ ਹੋਈ ਹੈ। ਐੱਸਐੱਸਪੀ ਨੇ ਦੱਸਿਆ ਕਿ ਇਹ ਲੋਕ ਫਿਰੋਜ਼ਪੁਰ ਤੋਂ ਹੈਰੋਇਨ ਦੀ ਖੇਪ ਲੈ ਕੇ ਪੰਜਾਬ ਦੇ ਖਾਸ ਕਰ ਦੋਆਬੇ ਦੇ ਵੱਖ ਵੱਖ ਖੇਤਰਾਂ ਵਿੱਚ ਸਪਲਾਈ ਕਰਦੇ ਸਨ ਇਸ ਤੋਂ ਪਹਿਲਾਂ ਵੀ ਇਹ ਹੈਰੋਇਨ ਦੀ ਸਪਲਾਈ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਤੇ ਇਨ੍ਹਾਂ ਤੋਂ ਸਮਗਲਿੰਗ ਵਿੱਚ ਸ਼ਾਮਿਲ ਹੋਏ ਹੋਰ ਵਿਅਕਤੀਆਂ ਬਾਰੇ ਵੀ ਅਹਿਮ ਸੁਰਾਗ ਮਿਲਣ ਦੀ ਆਸ ਹੈ।