
ਰਾਣਾ ਗੁਰਜੀਤ ਨੇ ਚੰਡੀਗੜ੍ਹ ਨੇੜੇ ਹਥਿਆਈ ਸ਼ਾਮਲਾਤ ਜ਼ਮੀਨ : ਰਣਜੀਤ ਸਿੰਘ ਰਾਣਾ
ਚੰਡੀਗੜ੍ਹ, 16 ਨਵੰਬਰ (ਜੀ.ਸੀ. ਭਾਰਦਵਾਜ) : ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲਈ ਸੱਤਾਧਾਰੀ ਕਾਂਗਰਸ ਦੀ ਮੁੜ ਜਿੱਤ ਹੋਣ ਦੇ ਆਸਾਰ ਨੂੰ ਵੇਖਦਿਆਂ ਕਈ ਹਲਕਿਆਂ 'ਚ ਟਿਕਟ ਦੀ ਦਾਅਵੇਦਾਰੀ ਦੇ ਜੋਸ਼ ਵਿਚ ਕਾਂਗਰਸੀ ਆਗੂਆਂ 'ਚ ਹੁਣ ਤੋਂ ਹੀ ਜੋਸ਼ ਵਿਖਾਉਣ ਅਤੇ ਇਕ ਦੂਜੇ 'ਤੇ ਦੋਸ਼ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਕਪੂਰਥਲਾ ਜ਼ਿਲ੍ਹੇ ਦੇ ਹਲਕਾ ਇੰਚਾਰਜ ਭੁਲੱਥ ਦੇ ਕਾਂਗਰਸੀ ਨੇਤਾ ਰਣਜੀਤ ਸਿੰਘ ਰਾਣਾ ਨੇ ਅੱਜ ਕੋਵਿਡ ਮਹਾਂਮਾਰੀ ਦੌਰਾਨ ਇਥੇ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਕਰ ਕੇ ਲੰਮੇ ਚੌੜੇ ਵੇਰਵੇ ਅਤੇ ਅੰਕੜੇ ਦੇ ਕੇ ਸੰਗੀਨ ਦੋਸ਼, ਕਪੂਰਥਲਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਵਿਰੁਧ ਇਹ ਲਾਇਆ ਕਿ ਉਸ ਨੇ ਚੰਡੀਗੜ੍ਹ ਨੇੜੇ ਮਾਜਰੀ ਬਲਾਕ ਵਿਚ ਪਿੰਡ ਸਿਉਂਕ ਦੀ ਸ਼ਾਮਲਾਟ ਜ਼ਮੀਨ 'ਚੋਂ 53 ਕਨਾਲ 2 ਮਰੇ ਰਕਬਾ ਖ਼ਰੀਦ ਕੇ, ਯੂਨੀਅਨ ਬੈਂਕ ਤੋਂ ਪਹਿਲਾਂ 55 ਕਰੋੜ ਦਾ ਕਰਜ਼ਾ ਚੁਕਿਆ, ਫਿਰ ਇਸ ਕਰਜ਼ੇ ਨੂੰ, ਇਸੇ ਜ਼ਮੀਨ 'ਤੇ 97 ਕਰੋੜ ਵਧਵਾਇਆ ਅਤੇ ਮਗਰੋਂ 109 ਕਰੋੜ ਕਰਵਾ ਕੇ, ਯੂ.ਪੀ. ਵਿਚ ਅਪਣੀ ਖੰਡ ਮਿੱਲਾਂ 'ਤੇ ਵਰਤਿਆ।
ਰਣਜੀਤ ਸਿੰਘ ਨੇ ਸਿਉਂਕ ਦੀਆਂ ਜ਼ਮੀਨਾਂ ਦੇ ਫਰਾਡ ਵਿਚ ਇਕ ਤਹਿਸੀਲਦਾਰ, ਪਟਵਾਰੀ ਅਤੇ ਨੰਬਰਦਾਰ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ 4000 ਕਰੋੜ ਦੇ ਵੱਡੇ ਧਨਾਢ ਯਾਨੀ ਰਾਣਾ ਗੁਰਜੀਤ ਨੇ ਭੁਲੱਥ, ਕਪੂਰਥਲਾ ਅਤੇ ਹੋਰ ਇਲਾਕਿਆਂ ਵਿਚ ਰੇਤਾ ਬਜਰੀ, ਸ਼ਰਾਬ ਵੇਚਣ, ਜ਼ਮੀਨਾਂ ਤੇ ਕੋਠੀਆਂ 'ਤੇ ਗ਼ੈਰ ਕਾਨੂੰਨੀ ਕਬਜ਼ੇ ਕਰਨ ਲਈ ਗੁੰਡੇ, ਲੁਟੈਰੇ ਅਤੇ ਬਾਊਂਸਰ ਰੱਖੇ ਹਨ ਜੋ ਸਿਆਸੀ ਨੇਤਾਵਾਂ ਅਤੇ ਪੁਲਿਸ ਨਾਲ ਮਿਲ ਕੇ ਹਰ ਕਿਸਮ ਦਾ ਘਪਲਾ ਕਰਨ ਵਿਚ ਲੱਗੇ ਹੋਏ ਹਨ।
ਰਾਣਾ ਗੁਰਜੀਤ ਸਿੰਘ ਦੇ ਸਹਿਯੋਗੀਆਂ ਵਿਰੁਧ ਧਾਰਾ 302, 307, 392, 148, 149 ਅਤੇ ਗ਼ੈਰ ਕਾਨੂੰਨੀ ਹਥਿਆਰ ਰੱਖਣ ਦੀ ਧਾਰਾ 25, 54, 59 ਤਹਿਤ ਕੇਸ ਦਰਜ ਹੋਣ ਦਾ ਹਵਾਲਾ ਦਿੰਦੇ ਹੋਏ, ਭੁਲੱਥ ਦੇ ਇਸ ਹਲਕਾ ਇੰਚਾਰਜ ਨੇ ਇਹ ਵੀ ਕਿਹਾ ਕਿ ਸਾਬਕਾ ਮੰਤਰੀ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਹੈ ਅਤੇ ਵੱਡੇ ਵੱਡੇ ਕਾਂਗਰਸੀ ਆਗੂਆਂ ਦੀ ਸ਼ਹਿ ਅਤੇ ਨੇੜਤਾ ਦਾ ਫਾਇਦਾ ਉਠਾ ਕੇ, ਕੇਵਲ ਵੱਧ ਤੋਂ ਵੱਧ ਧੰਨ ਇਕੱਠਾ ਕਰਨ ਵਿਚ ਲਗਿਆ ਹੋਇਆ ਹੈ।
ਜਦੋਂ ਕਾਂਗਰਸੀ ਹਲਕਾ ਇੰਚਾਰਜ ਨੂੰ ਸਾਬਕਾ ਮੰਤਰੀ ਵਿਰੁਧ ਇਹੋ ਜਿਹੇ ਸੰਗੀਨ ਦੋਸ਼ ਲਾਉਣ ਦਾ ਕਾਰਨ, ਅਪਣੇ ਪ੍ਰਧਾਨ ਤੋਂ ਇਜਾਜ਼ਤ ਨਾ ਲੈਣ ਜਾਂ ਕਿਸੇ ਅਨੁਸ਼ਾਸਨੀ ਕਾਰਵਾਈ ਦੇ ਡਰ ਬਾਰੇ ਪੁਛਿਆ ਤਾਂ ਸ. ਰਣਜੀਤ ਸਿੰਘ ਨੇ ਸਪਸ਼ਟ ਕਿਹਾ ਕਿ ''ਮੈਨੂੰ ਕਿਸੇ ਦਾ ਡਰ ਨਹੀਂ, ਨਾ ਹੀ ਮੈਨੂੰ ਇਜ਼ਾਜਤ ਦੀ ਲੋੜ ਹੈ।''
ਫ਼ੋਟੋ : ਸੰਤੋਖ ਸਿੰਘ ਵਲੋਂ ਨੰਬਰ : 1-2image