
ਪੇਸ਼ੀ ਦੌਰਾਨ ਅਦਾਲਤ ’ਚੋਂ ਅਪਰਾਧੀ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋ ਗ੍ਰਿਫ਼ਤਾਰ
ਮੋਗਾ, 16 ਨਵੰਬਰ (ਅਰੁਣ ਗੁਲਾਟੀ) : ਪੰਜਾਬ ਪੁਲਿਸ ਵਲੋਂ ਸੋਮਵਾਰ ਨੂੰ ਮੋਗਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਬਾਹਰੋਂ ਇਕ ਅਪਰਾਧੀ ਨੂੰ ਪੁਲਿਸ ਹਿਰਾਸਤ ਵਿਚੋਂ ਭਜਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਗਾ ਪੁਲਿਸ ਨੇ ਮੋਗਾ ਦੇ ਹਰਜਿੰਦਰ ਸਿੰਘ ਉਰਫ਼ ਰਾਜੂ ਨੂੰ ਪੇਸ਼ੀ ਲਈ ਅਦਾਲਤ ’ਚ ਪੇਸ਼ ਕਰਨਾ ਸੀ। ਪੁਲਿਸ ਨੂੰ ਕਿਸੇ ਮੁਖ਼ਬਰ ਖਾਸ ਨੂੰ ਸੂਚਨਾ ਦਿਤੀ ਕਿ ਦੋ ਵਿਅਕਤੀ ਹਰਜਿੰਦਰ ਸਿੰਘ ਉਰਫ਼ ਰਾਜੂ ਨੂੰ ਭਜਾਉਣ ਦੀ ਤਿਆਰੀ ਵਿਚ ਕਚਿਹਰੀਆਂ ਵਿਚ ਬੈਠੇ ਹਨ। ਸੂਹ ਮਿਲਣ ਉਪਰੰਤ ਸੀਆਈਏ ਮੋਗਾ ਦੀਆਂ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ’ਚੋਂ ਅਪਰਾਧੀ ਨੂੰ ਭਜਾਉਣ ਤੋਂ ਪਹਿਲਾਂ ਹੀ ਗਿ੍ਰਫ਼ਤਾਰ ਕਰ ਲਿਆ। ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਨਦੀਪ ਸਿੰਘ ਉਰਫ ਜੱਜੀ (24) ਵਾਸੀ ਮੋਗਾ ਅਤੇ ਜਸਪ੍ਰੀਤ ਸਿੰਘ ਉਰਫ ਪ੍ਰੀਤ (31) ਵਾਸੀ ਫ਼ਰੀਦਕੋਟ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਇਕ .32 ਬੋਰ ਦਾ ਰਿਵਾਲਵਰ ਅਤੇ 6 ਜਿੰਦਾ ਕਾਰਤੂਸ ਸਮੇਤ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਫ਼ਰੀਦਕੋਟ ਦੇ ਜਸਪ੍ਰੀਤ ਸਿੰਘ ਉਰਫ਼ ਜੱਸੀ, ਜੋ ਕਿ ਇਸ ਸਮੇਂ ਫਰੀਦਕੋਟ ਜੇਲ ਵਿਚ ਹੈ, ਨੇ ਉਨ੍ਹਾਂ ਨੂੰ ਹਰਜਿੰਦਰ ਨੂੰ ਪੁਲਿਸ ਹਿਰਾਸਤ ਵਿਚੋਂ ਭਜਾਉਣ ਵਿਚ ਮਦਦ ਕਰਨ ਦਾ ਕੰਮ ਸੌਂਪਿਆ ਸੀ। ਐਸਐਸਪੀ ਨੇ ਅੱਗੇ ਦਸਿਆ ਕਿ ਉਹ ਸਾਰੇ ਗੈਂਗਸਟਰ ਸਤਿੰਦਰ ਬਰਾੜ ਉਰਫ਼ ਗੋਲਡੀ ਬਰਾੜ ਦੇ ਕਰੀਬੀ ਹਨ ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ। ਉਨ੍ਹਾਂ ਅੱਗੇ ਦਸਿਆ ਕਿ ਸਾਰੇ ਮੁਲਜ਼ਮਾਂ ਵਿਰੁਧ ਪਹਿਲਾਂ ਹੀ ਵੱਖ-ਵੱਖ ਅਪਰਾਧਕ ਮਾਮਲੇ ਦਰਜ ਹਨ। ਐਸਐਸਪੀ ਮੰਡ ਨੇ ਦਸਿਆ ਕਿ ਜਸਪ੍ਰੀਤ ਉਰਫ਼ ਪ੍ਰੀਤ ਦੇ ਪਿਛੋਕੜ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਜਦਕਿ ਅਗਲੇਰੀ ਜਾਂਚ ਲਈ ਹਰਜਿੰਦਰ ਅਤੇ ਜਸਪ੍ਰੀਤ ਉਰਫ ਜੱਸੀ ਦਾ ਪ੍ਰੋਡਕਸ਼ਨ ਵਾਰੰਟ ਲਿਆ ਜਾਵੇਗਾ। ਥਾਣਾ ਸਿਟੀ ਮੋਗਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ, ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 27 ਅਧੀਨ ਐਫਆਈਆਰ ਨੰਬਰ 200 ਮਿਤੀ 15.11.2021 ਨੂੰ ਦਰਜ ਕੀਤੀ ਗਈ ਹੈ।
ਫੋਟੋ ਨੰਬਰ 16 ਮੋਗਾ ਸੱਤਪਾਲ 16 ਪੀ