
ਕਿਹਾ, ਭਾਜਪਾ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਨੇ ਹੱਥ ਮਿਲਆ ਲਿਆ ਹੈ
ਚੰਡੀਗੜ੍ਹ : ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਅੰਮ੍ਰਿਤਪਾਲ ਸਿੰਘ ਅਤੇ ਕੁੱਝ ਹੋਰ ਆਗੂਆਂ ਨੂੰ ਅਸਿੱਧੇ ਰੂਪ ’ਚ ਚੋਣ ਲੜਵਾਏ ਜਾਣ ਦੇ ਦਾਅਵੇ ਨੂੰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ‘ਹਾਸੋਹੀਣਾ’ ਕਰਾਰ ਦਿਤਾ ਹੈ।
ਬਾਜਵਾ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਗਰੇਵਾਲ ਨੇ ਕਿਹਾ, ‘‘ਬਾਜਵਾ ਨੇ ਆਪਣੇ ਬਿਆਨ ’ਚ ਕਿਹਾ ਕਿ ਭਾਜਪਾ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਵਾ ਰਹੀ ਹੈ। ਭਾਜਪਾ ਹੀ ਸੁੱਚਾ ਸਿੰਘ ਲੰਗਾਹ ਤੋਂ ਵੀ ਡੇਰਾ ਬਾਬਾ ਨਾਨਕ ’ਚ ਆਮ ਆਦਮੀ (ਆਪ) ਦੀ ਹਮਾਇਤ ਕਰਵਾ ਰਹੀ ਹੈ। ਇਹ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਮਿਲੀਆਂ ਹੋਈਆਂ ਹਨ। ਹੁਣ ਤਾਂ ਅਕਾਲੀ ਦਲ ਨਾਲ ਵੀ ਇਨ੍ਹਾਂ ਨਾਲ ਮਿਲ ਚੁੱਕਾ ਹੈ। ਇਸ ਕਰ ਕੇ ਇਹ ਲੋਕਾਂ ਨੂੰ ਉਲਝਣ ਵਾਲੇ ਬਿਆਨ ਦੇ ਰਹੇ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਕਾਂਗਰਸ ਦੀ ਹਮੇਸ਼ਾਂ ਹੀ ਇਸ ਤਰ੍ਹਾਂ ਦੇ ਕੰਮ ਕਰਨ ਦੀ ਆਦਤ ਰਹੀ ਹੈ। ਇਹ ਸਾਰੀਆਂ ਪਾਰਟੀਆਂ ਮਿਲ ਕੇ ਭਾਜਪਾ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਕਿ ਇਸ ਸਮੇਂ ਲੋਕਾਂ ਦੀ ਹਮਾਇਤ ਵੇਖ ਕੇ ਨਾਮੁਨਕਿਨ ਹੈ। ਜਨਤਾ ਹਮੇਸ਼ਾ ਤੋਂ ਭਾਜਪਾ ਨੂੰ ਚਾਹੁੰਦੀ ਹੈ। ਮੋਦੀ ਜੀ ਦੀ ਲੀਡਰਸਿਪ ਨੂੰ ਸਵੀਕਾਰ ਕਰਦੀ ਹੈ। ਇਸ ਲਈ ਮੈਂ ਕਹਿ ਸਕਦਾ ਹਾਂ ਕਿ ਬਾਜਵਾ ਜੀ ਦੀਆਂ ਇਹ ਕੋਝੀਆਂ ਹਰਕਤਾਂ ਕਾਮਯਾਬ ਨਹੀਂ ਹੋਣੀਆਂ। ਹੁਣ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹ ਮਿਲ ਕੇ ਵੀ ਸਾਡਾ ਮੁਕਾਬਲਾ ਨਹੀਂ ਕਰ ਪਾਉਣਗੇ। 2027 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਬਾਜਵਾ ਅਤੇ ਵੜਿੰਗ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਅਧੂਰਾ ਰਹਿ ਜਾਣਾ ਹੈ।’’