
ਸਿੰਘੂ ਸਰਹੱਦ 'ਤੇ ਬਾਬਾ ਰਾਮ ਸਿੰਘ ਨਾਨਕਸਰ ਸੀਂਘੜਾ ਵਾਲਿਆਂ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
''ਸਰਕਾਰ ਵਲੋਂ ਕਿਸਾਨਾਂ ਦਾ ਹੋਰ ਅਪਮਾਨ ਨਹੀਂ ਵੇਖ ਸਕਦਾ''
ਕਰਨਾਲ, 16 ਦਸੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਦਿੱਲੀ ਦੇ ਸਿੰਘੂ ਬਾਰਡਰ ਉਤੇ ਵੱਡੀ ਘਟਨਾ ਵਾਪਰੀ ਜਦੋਂ ਬਾਬਾ ਰਾਮ ਸਿੰਘ ਸੀਂਘੜੇ ਵਾਲੇ ਜੋ ਕਿ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋਣ ਗਏ ਸਨ ਉਹ ਕਿਸਾਨਾਂ ਵਲੋਂ ਲਗਾਏ ਗਏ ਧਰਨੇ ਨੂੰ ਵੇਖਦੇ ਹੋਏ ਅਤੇ ਕਿਸਾਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਵੇਖਦੇ ਹੋਏ ਕਿਸਾਨਾਂ ਦੇ ਦੁੱਖ ਨੂੰ ਸਹਾਰ ਨਾ ਸਕੇ ਜਿਸ ਕਾਰਨ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਨੇ ਅਪਣੇ ਆਪ ਨੂੰ ਗੋਲੀ ਮਾਰ ਕੇ ਸ਼ਹਾਦਤ ਦਾ ਜਾਮ ਪੀ ਲਿਆ ਜਿਵੇਂ ਹੀ ਇਹ ਖ਼ਬਰ ਕਰਨਾਲ ਸ਼ਹਿਰ ਪੁੱਜੀ ਕਰਨਾਲ ਦੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੰਗ ਰਹਿ ਗਈਆਂ ਕਿ ਇਹ ਘਟਨਾ ਵੀ ਵਾਪਰ ਗਈ ਹੈ |
ਇਹ ਖ਼ਬਰ ਸੁਣਦੇ ਹੀ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਫੈਲ ਗਈ ਹੈ, ਕਿਉਾਕਿ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਦਾ ਕਰਨਾਲ ਇਲਾਕੇ ਵਿਚ ਕਾਫ਼ੀ ਪ੍ਰਭਾਵ ਹੈ ਜਿਸ ਦੇ ਚਲਦੇ ਕਰਨਾਲ ਜ਼ਿਲੇ੍ਹ ਵਿਚ ਗਮ ਦੀ ਲਹਿਰ ਫੈਲ ਗਈ ਹੈ | ਬਾਬਾ ਰਾਮ ਸਿੰਘ ਦੀ ਦੇਹ ਨੂੰ ਪੋਸਟ ਮਾਰਟਮ ਲਈ ਕਰਨਾਲ ਮੁਰਦਾਘਰ ਵਿਚ ਲਿਆਂਦਾ ਗਿਆ ਹੈ ਜਿਥੇ ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਹੋਵੇਗਾ | ਦੇਹ ਕਰਨਾਲ ਲਿਆਂਦੀ ਗਈ ਤਾਂ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋ ਗਿਆ | ਸੰਗਤਾਂ ਦੇ ਭਾਰੀ ਇਕੱਠ ਨੂੰ ਵੇਖਣ ਤੋਂ ਬਾਅਦ ਬਾਬਾ ਰਾਮ ਸਿੰਘ ਦੀ ਦੇਹ ਨੂੰ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਲਿਜਾਇਆ ਗਿਆ | ਅਪਣੇ ਹੱਥ ਨਾਲ ਪੰਜਾਬੀ ਵਿਚ ਲਿਖੀ ਚਿੱਠੀ ਵਿਚ ਸੰਤ ਰਾਮ ਸਿੰਘ ਜੀ ਨੇ ਲਿਖਿਆ ਹੈ ਕਿ ਉਹ ਕਿਸਾਨਾਂ ਨੂੰ ਸੜਕਾਂ ਤੇ ਰੁਲਦਿਆਂ ਵੇਖ ਕੇ ਬਹੁਤ ਦੁਖੀ ਹਨ ਤੇ ਸਰਕਾਰ ਦੇ ਉਨ੍ਹਾਂ ਪ੍ਰਤੀ ਮਾੜੀ ਰਵਈਏ ਨੂੰ ਜਰ ਨਹੀਂ ਸਕਦੇ, ਇਸ ਲਈ ਅਪਣੀ ਜਾਨ ਦੇ ਕੇ ਇਸ ਜ਼ੁਲਮ ਵਿਰੁਧ ਆਵਾਜ਼ ਉਠਾ ਰਹੇ ਹਨ | ਕਿਸਾਨ ਅੰਦੋਲਨ ਨੂੰ ਹਰ ਕੋਈ ਕੁੱਝ ਦੇ ਕੇ ਹਿੱਸਾ ਪਾ ਰਿਹਾ ਹੈ, ਮੈਂ ਅਪਣੀ ਜਾਨ ਦੇ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਚੀ ਕਰ ਰਿਹਾ ਹਾਂ |