
ਕਿਸਾਨਾਂ ਨੇ ਨੋਇਡਾ-ਦਿੱਲੀ ਮਾਰਗ ’ਤੇ ਚਿੱਲਾ ਸਰਹਦ ਨੂੰ ਕੀਤਾ ਜਾਮ
ਭਾਕਿਯੂ (ਲੋਕਸ਼ਕਤੀ) ਦੇ ਕੁਝ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਘਰਾਂ ਵਿਚ ਕੀਤਾ ਨਜ਼ਰਬੰਦ
ਨੋਇਡਾ, 16 ਦਸੰਬਰ : ਬੁਧਵਾਰ ਨੂੰ ਨਵੇਂ ਕਿਸਾਨ ਕਾਨੂੰਨਾਂ ਦੇ ਵਿਰੋਧ ਵਿਚ ਚਿੱਲਾ ਸਰਹੱਦ ਉੱਤੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਨੇਤਾਵਾਂ ਨੇ ਮੁੜ ਨੋਇਡਾ ਤੋਂ ਦਿੱਲੀ ਦਾ ਰਸਤਾ ਜਾਮ ਕਰ ਦਿਤਾ। ਭਾਕਿਯੂ (ਭਾਨੂ) ਦੇ ਸੂਬਾ ਪ੍ਰਧਾਨ ਯੋਗੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਡੀ ਹੜਤਾਲ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਕੇਂਦਰ ਸਰਕਾਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਅਤੇ ਇਕ ਕਿਸਾਨ ਕਮਿਸ਼ਨ ਦਾ ਗਠਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪੰਜ ਦਿਨਾਂ ਤਕ ਚਿੱਲਾ ਸਰਹੱਦ ਖੁਲ੍ਹ ਰਹੀ, ਪਰ ਕੇਂਦਰ ਸਰਕਾਰ ਵਲੋਂ ਕਿਸਾਨ ਕਮਿਸ਼ਨ ਬਣਾਉਣ ਲਈ ਕੋਈ ਪਹਿਲ ਨਹੀਂ ਕੀਤੀ ਗਈ।
ਕਿਸਾਨਾਂ ਵਲੋਂ ਚਿੱਲਾ ਸਰਹੱਦ ਨੂੰ ਮੁੜ ਜਾਮ ਕਰਨ ਤੋਂ ਬਾਅਦ ਲੋਕਾਂ ਦੀ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਟ੍ਰੈਫ਼ਿਕ ਨੂੰ ਡੀ ਐਨ ਡੀ ਵੱਲ ਮੋੜਿਆ ਗਿਆ ਸੀ। ਪੁਲਿਸ ਅਧਿਕਾਰੀ ਕਿਸਾਨ ਨੇਤਾਵਾਂ ਨੂੰ ਰਸਤਾ ਖੋਲ੍ਹਣ ਲਈ ਰਾਜ਼ੀ ਕਰ ਰਹੇ ਹਨ, ਪਰ ਕਿਸਾਨ ਆਗੂ ਮੰਨਣ ਲਈ ਤਿਆਰ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ (ਲੋਕਸ਼ਕਤੀ) ਦੇ ਨੇਤਾਵਾਂ ਵਲੋਂ ਚਿੱਲਾ ਬਾਰਡਰ ਰਾਹੀਂ ‘ਦਿੱਲੀ ਕੂਚ‘ ਦੇ ਐਲਾਨ ਕਰਨ ਤੋਂ ਬਾਅਦ ਗੌਤਮ ਬੁੱਧ ਨਗਰ ਪੁਲਿਸ ਮੰਗਲਵਾਰ ਰਾਤ ਤੋਂ ਹੀ ਕਾਰਵਾਈ ਲਈ ਹਰਕਤ ਵਿਚ ਆ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਭਾਕਿਯੂ ਦੇ ਕੁਝ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਦਿਤਾ।
ਗ੍ਰੇਟਰ ਨੋਇਡਾ ਦੇ ਸਹਾਇਕ ਕਮਿਸ਼ਨਰ ਪੁਲਿਸ ਅਬਦੁੱਲ ਕਾਦਿਰ ਨੇ ਕਿਹਾ ਕਿ ਕਿਸਾਨ ਨੇਤਾਵਾਂ ਨੇ ਚਿੱਲਾ ਸਰਹੱਦ ਉੱਤੇ ਜਾਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਕੁਝ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। (ਪੀਟੀਆਈ)