
ਸਰੀ ਦੀਆਂ ਵੱਖ ਵੱਖ ਸੜਕਾਂ ’ਤੇ ਕਿਸਾਨ ਪੱਖੀ ਬੈਨਰਾਂ, ਬੋਰਡਾਂ ਅਤੇ ਸਟਿੱਕਰਾਂ ਦੀ ਭਰਮਾਰ
ਵੈਨਕੂਵਰ, 16 ਦਸੰਬਰ (ਮਲਕੀਤ ਸਿੰਘ) : ਖੇਤੀਬਾੜੀ ਸਬੰਧੀ ਭਾਰਤ ਸਰਕਾਰ ਵਲੋਂ ਕਿਸਾਨਾਂ ’ਤੇ ਜਬਰੀ ਥੋਪੇ ਜਾ ਰਹੇ ਕਿਸਾਨ ਵਿਰੋਧੀ ਬਿਲਾਂ ਸਬੰਧੀ ਕਿਸਾਨਾਂ ਵਜੋਂ ਜਾਰੀ ਅੰਦੋਲਣ ਦਾ ਅਹਿਮ ਮੁੱਦਾ ਹੁਣ ਵਿਸ਼ਵ ਪੱਧਰੀ ਮੁੱਦਾ ਬਣਦਾ ਜਾ ਰਿਹਾ ਹੈ। ਇਸ ਮਾਮਲੇ ’ਚ ਵਿਸ਼ਵ ਦੇ ਕੁੱਝ ਹੋਰਨਾਂ ਮੁਲਕਾਂ ਵਾਂਗ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ’ਚ ਵੱਸਦੇ ਕਿਸਾਨ ਹਿਤੈਸ਼ੀ ਪੰਜਾਬੀਆਂ ਵਲੋਂ ਉਕਤ ਖੇਤੀ ਬਿਲਾਂ ਦੇ ਵਿਰੋਧ ’ਚ ਰੋਸ ਪ੍ਰਰਦਸ਼ਨ ਲਗਾਤਾਰ ਜਾਰੀ ਹਨ।
ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਚੌਰਸਤਿਆਂ ਅਤੇ ਜਨਤਕ ਥਾਵਾਂ ’ਤੇ ਜਿਥੇ ਕਿ ਕੁੱਝ ਕਿਸਾਨ ਹਿਤੈਸ਼ੀ ਸੰਸਥਾਵਾਂ ਵਲੋਂ ਕਿਸਾਨੀ ਅੰਦੋਲਨ ਦੇ ਪੱਖ ਨੂੰ ਦਰਸ਼ਾਉਂਦੇ ਵੱਡ ਅਕਾਰੀ ਬੋਰਡਾਂ ਬੈਨਰਾਂ ਦੀ ਬਹੁਤਤਾ ਕਿਸਾਨੀ ਅੰਦੋਲਨ ਦੇ ਭਰਵੇਂ ਹੁੰਗਾਰੇ ਦੀ ਗਵਾਈ ਭਰਦੀ ਹੈ, ਉਥੇ ਬਹੁਗਿਣਤੀ ਪੰਜਾਬੀਆਂ ਵਲੋਂ ਆਪੋ ਅਪਣੇ ਵਾਹਨਾਂ ਉਪਰ ਚਿਪਕਾਏ ਕਿਸਾਨ ਪੱਖੀ ਸਟਿੱਕਰ ਉਕਤ ਅੰਦੋਲਨ ਦੀ ਹਾਂ ਵਿਚ ਹਾਂ ਮਿਲਾਉਣ ਦੇ ਅਹਿਸਾਸ ਦਾ ਪ੍ਰਗਟਾਵਾ ਵੀ ਕਰਦੇ ਹਨ। ਜ਼ਿਕਰਯੋਗ ਹੈ ਕਿ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੇ ਕੁੱਝ ਪੈਟਰੋਲ ਪੰਪਾ ਅਤੇ ਕੁੱਝ ਹੋਰ ਜਨਤਕ ਅਦਾਰਿਆਂ ਉਪਰ ਵੀ ਕਿਸਾਨੀ ਅੰਦੋਲਨ ਦੇ ਹੱਕ ’ਚ ਅਜਿਹੀਆਂ ਲਾਈਆਂ ਲਿਖਿਆਂ ਵੇਖੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਨਾਲ ਸਰੀ ਦੀਆਂ ਕੁੱਝ ਪ੍ਰਮੁੱਖ ਸੜਕਾਂ ਦੇ ਚੌਰਸਤਿਆਂ ’ਚ ਪੰਜਾਬੀ ਮੂਲ ਦੇ ਬੱਚਿਆਂ ਅਤੇ ਨੌਜਵਾਨਾਂ ਵਲੋਂ ਵਰਦੇ ਮੀਂਦ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਹੱਥਾਂ ਵਿਚ ਕਿਸਾਨਾਂ ਦੇ ਹੱਕ ’ਚ ਲਿਖੇ ਬੈਨਰ ਅਤੇ ਤਖ਼ਤੀਆਂ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਜ਼ਾਨਾ ਕਈ ਕਈ ਘੰਟੇ ਖੜੇ ਹੋਣ ਦਾ ਕਈ ਦਿਨਾਂ ਤੋਂ ਵਿੱਢਿਆ ਸਿਲਸਿਲਾ ਵੀ ਲਗਾਤਾਰ ਜਾਰੀ ਹੈ।