
ਕੋਵਿਡ-19 ਦਾ ਟੀਕਾ ਇਕ ‘ਚਮਤਕਾਰ’ ਹੈ : ਵ੍ਹਾਈਟ ਹਾਊਸ
ਨਿਊਯਾਰਕ ’ਚ ਨਰਸ ਨੂੰ ਲਗਾਇਆ ਗਿਆ ਕੋਵਿਡ 19 ਦਾ ਪਹਿਲਾ ਟੀਕਾ
ਵਾਸ਼ਿੰਗਟਨ, 16 ਦਸੰਬਰ : ਕੋਵਿਡ-19 ਵੈਕਸੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦਾ ਮਜ਼ਾਕ ਉਡਾਉਣ ਵਾਲੇ ਮੀਡੀਆ ਦੀ ਵ੍ਹਾਈਟ ਹਾਊਸ ਨੇ ਵੀ ਆਲੋਚਨਾ ਕੀਤੀ ਹੈ । ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ’ਚ ਵੈਕਸੀਨ ਨੂੰ ਵਿਕਸਿਤ ਅਤੇ ਵੰਡਣਾ ਇਕ ਚਮਤਕਾਰ ਹੈ । ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਲੀ ਮੈਕਨੈਨੀ ਨੇ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ ’ਚ ਕਿਹਾ, “ਕੱਲ ਅਮਰੀਕਾ ਨੇ ਮੈਡੀਕਲ ਚਮਤਕਾਰ ਵੇਖਿਆ।
ਦੇਸ਼ ਭਰ ’ਚ ਕੋਵਿਡ-19 ਨਾਲ ਨਜਿੱਠਣ ਲਈ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿਤੀ ਗਈ। ਸੱਭ ਤੋਂ ਪਹਿਲਾਂ ਨਿਊਯਾਰਕ ’ਚ ਇਕ ਨਰਸ ਨੂੰ ਟੀਕੇ ਦੀ ਖ਼ੁਰਾਕ ਦਿਤੀ ਗਈ। ਰਾਸ਼ਟਰਪਤੀ ਟਰੰਪ ਨੇ ਰੀਕਾਰਡ ਸਮੇਂ ’ਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਦੇਣ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਅਜਿਹਾ ਕਰ ਦਿਖਾਇਆ।” ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫ਼ਾਈਜ਼ਰ ਨੇ ਐਤਵਾਰ ਨੂੰ ਮਿਸ਼ੀਗਨ ਦੇ ਗੋਦਾਮ ਤੋਂ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੇਪ ਭੇਜ ਦਿਤੀ ਤੇ ਇਸਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿਚ ਸੱਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ।
ਦਰਅਸਲ, ਅਮਰੀਕਾ ’ਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਭਰ ’ਚ 1 ਕਰੋੜ 60 ਲੱਖ ਲੋਕ ਪੀੜਤ ਹਨ। ਮਿਸ਼ੀਗਨ ਮੈਡੀਕਲ ਕੇਅਰ ਸੈਂਟਰ ਵਿਚ ਨਰਸ ਦਾ ਕੰਮ ਕਰਨ ਵਾਲੇ 43 ਸਾਲਾਂ ਜੌਨੀ ਪੀਪਲਜ਼ ਵੈਕਸੀਨ ਦੀ ਖ਼ੁਰਾਕ ਲੈਣ ਵਾਲੇ ਪਹਿਲੇ ਵਿਅਕਤੀ ਬਣੇ। ਕੈਲੀ ਮੇਕਨੈਨੀ ਨੇ ਕਿਹਾ ਕਿ ਟਰੰਪ ਵੈਕਸੀਨ ਦੇ ਵਿਕਸਿਤ ਕੀਤੇ ਜਾਣ ਦੀ ਨਿਗਰਾਨੀ ਕੀਤੀ । ਉਨ੍ਹਾਂ ਨੇ ਟਰੰਪ ਦੀ ਇੱਛਾ ਦੱਸਦਿਆਂ ਕਿਹਾ ਕਿ ਰਾਸ਼ਟਰਪਤੀ ਸਾਰੇ ਅਮਰੀਕੀਆਂ ਲਈ ਵੈਕਸੀਨ ਦੀ ਖ਼ੁਰਾਕ ਮਿਲਣ ਦੀ ਉਮੀਦ ਕਰਦੇ ਹਨ। ਇਸ ਤੋਂ ਇਲਾਵਾ ਮੇਕਨੈਨੀ ਨੇ ਮੀਡੀਆ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਇਸ ਸਾਲ ਦੀ ਸ਼ੁਰੂਆਤ ’ਚ ਅਸੀਂ ਕਈ ਨਿਊਜ਼ ਏਜੰਸੀਆਂ ਅਤੇ ਤੱਥਾਂ ਦੇ ਅਖੌਤੀ ਜਾਂਚਕਰਤਾਵਾਂ ਤੋਂ ਸੁਣਿਆ ਸੀ ਕਿ ਰਾਸ਼ਟਰਪਤੀ ਟਰੰਪ ਨੂੰ ਅਪਣੀ ਗੱਲ ਸਾਬਿਤ ਕਰਨ ਲਈ ਕਿਸੇ ਚਮਤਕਾਰ ਦੀ ਜ਼ਰੂਰਤ ਹੋਵੇਗੀ।” ਉਨ੍ਹਾਂ ਕਿਹਾ ਕਿ ਸਾਨੂੰ ਦਸਿਆ ਗਿਆ ਸੀ ਕਿ ਇਹ ਟੀਕਾ ਵਿਕਸਤ ਹੋਣ ਵਿਚ ਇਕ ਸਾਲ ਤੋਂ ਵੱਧ ਦਾ ਸਮਾਂ ਲਗੇਗਾ। (ਪੀਟੀਆਈ)