
ਖ਼ੁਦਕੁਸ਼ੀ ਕਰ ਗਏ ਪ੍ਰਵਾਰਕ ਜੀਆਂ ਦੀਆਂ ਤਸਵੀਰਾਂ ਲੈ ਕੇ ਵਿਧਵਾਵਾਂ ਪਹੁੰਚੀਆਂ ਦਿੱਲੀ ਮੋਰਚੇ ਵਿਚ
ਚੰਡੀਗੜ੍ਹ, 16 ਦਸੰਬਰ (ਨੀਲ ਭਲਿੰਦਰ ਸਿੰਘ): ਸਰਕਾਰਾਂ ਦੀ ਕਿਸਾਨ-ਦੋਖੀ ਨੀਤੀਆਂ ਕਾਰਨ ਕਰਜ਼ੇ ਦੇ ਭਾਰ ਹੇਠ ਦਬ ਕੇ ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪ੍ਰਵਾਰਾਂ ਨੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਧਰਨੇ ਵਿਚ ਪਹੁੰਚ ਕੇ ਅਪਣੇ ਦੁੱਖ ਸਾਂਝੇ ਕੀਤੇ। ਖ਼ੁਦਕੁਸ਼ੀ ਕਰ ਗਏ ਮੈਂਬਰਾਂ ਦੀਆਂ ਤਸਵੀਰਾਂ ਹੱਥਾਂ ਵਿਚ ਲੈ ਕੇ ਪਹੁੰਚੇ ਪ੍ਰਵਾਰਕ ਜੀਆਂ ਦਾ ਦੁੱਖ ਕਿਆਸੋ ਬਾਹਰ ਹੈ। ਨੌਜਵਾਨ ਕਿਸਾਨ ਆਗੂ ਰਮਨ ਕਾਲਾਝਾੜ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਤਸਵੀਰਾਂ ਵੀ ਸਾਂਝੀ ਕਰਦੇ ਹੋਏ ਦਸਿਆ ਕਿ ਇਨ੍ਹਾਂ ਕਿਸਾਨ ਪ੍ਰਵਾਰਾਂ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੇ ਪ੍ਰਵਾਰਕ ਜੀਅ ਖੇਤੀ ਖੇਤਰ ਅੰਦਰ ਕਾਰਪੋਰੇਟ ਤੇ ਸਾਮਰਾਜ ਪੱਖੀ ਨੀਤੀਆਂ ਦੀ ਭੇਂਟ ਚੜ੍ਹੇ ਹਨ। ਹਰੇ ਇਨਕਲਾਬ ਨੇ ਸਾਡੇ ਘਰਾਂ ਅੰਦਰ ਚਾਨਣ ਨਹੀਂ ਕਰਜ਼ੇ ਦਾ ਹਨੇਰ-ਗੁਬਾਰ ਭਰ ਦਿਤਾ ਹੈ। ਸਰਕਾਰ ਦੇ ਮੌਜੂਦਾ ਤਿੰਨ ਕਾਲੇ ਕਾਨੂੰਨਾਂ ਨੇ ਇਸ ਹਨੇਰੇ ਦਾ ਹੋਰ ਪਸਾਰਾ ਕਰਨਾ ਹੈ ਤੇ ਪੰਜਾਬ ਦੇ ਖੇਤਾਂ ਵਿਚ ਖ਼ੁਦਕੁਸ਼ੀਆਂ ਦੀ ਪੈਦਾਵਾਰ ਵਿਚ ਹੋਰ ਵਾਧਾ ਹੋਣਾ ਹੈ। ਇਸ ਕਰ ਕੇ ਮੌਜੂਦਾ ਖੇਤੀ ਕਾਨੂੰਨਾਂ ਦੀ ਮਨਸੂਖੀ ਲਈ ਲੜਾਈ ਹੋਰ ਤੇਜ਼ ਕਰਨ ਦੀ ਲੋੜ ਹੈ। ਬਾਕੀ ਤਸਵੀਰਾਂ ਬਿਆਨ ਕਰ ਰਹੀਆਂ ਹਨ।