
ਲਾਲ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਦਾ ਇਕੋ ਮਕਸਦ ਹੈ, ਉਹ ਹੈ ਕਾਂਗਰਸ ਨੂੰ ਹਰਾਉਣਾ ਅਤੇ ਅਮਿਤ ਸ਼ਾਹ ਨੂੰ ਖੁਸ਼ ਕਰਨਾ।
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਇਸ ਦੌਰਾਨ ਚੋਣ ਲੜਨ ਸਬੰਧੀ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਂਡ ਵਲੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਤਾਂ ਉਹ ਜ਼ਰੂਰ ਚੋਣ ਲੜਨਗੇ। ਪਾਰਟੀ ਦਾ ਹਰ ਫੈਸਲਾ ਸਿਰ ਮੱਥੇ ਸਵੀਕਾਰ ਕੀਤਾ ਜਾਵੇਗਾ। ਚੋਣ ਤਿਆਰੀਆਂ ਬਾਰੇ ਲਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਿਛਲੇ 40 ਸਾਲਾਂ ਤੋਂ ਤਿਆਰੀ ਚੱਲਦੀ ਆ ਰਹੀ ਹੈ। ਅਸੀਂ ਚੋਣਾਂ ਆਉਣ ’ਤੇ ਹੀ ਤਿਆਰੀਆਂ ਨਹੀਂ ਸ਼ੁਰੂ ਕਰਦੇ। ਇਹ ਲੋਕਾਂ ਦੀ ਸੇਵਾ ਹੈ ਅਤੇ ਇਸ ਦੇ ਲਈ ਅਸੀਂ ਹਮੇਸ਼ਾਂ ਤਿਆਰ ਰਹਿੰਦੇ ਹਾਂ।
Lal Singh
ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਲਾਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਖੀਰ ਵਿਚ ਅਪਣੇ ਸਿਰ ਵਿਚ ਸਵਾਹ ਪਵਾ ਲਈ ਹੈ। ਉਹਨਾਂ ਕਿਹਾ ਕਾਂਗਰਸ ਹਾਈਕਮਾਂਡ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਕੁੱਝ ਦਿੱਤਾ ਗਿਆ। ਕੈਪਟਨ ਅਕਾਲੀ ਦਲ ਵਿਚ ਰਹੇ ਪਰ ਜਦੋਂ ਉਹ ਕਾਂਗਰਸ ਵਿਚ ਸ਼ਾਮਲ ਹੋਏ ਤਾਂ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਦੋ ਵਾਰ ਕੈਪਟਨ ਨੂੰ ਮੁੱਖ ਮੰਤਰੀ ਬਣਾਇਆ, ਇਹ ਬਹੁਤ ਵੱਡੀ ਗੱਲ ਹੈ।
Lal Singh
ਲਾਲ ਸਿੰਘ ਨੇ ਕਿਹਾ ਕਿ ਕੈਪਟਨ ਨੇ ਹਮੇਸ਼ਾਂ ਕਾਂਗਰਸ ਦੀ ਵਰਤੋਂ ਕੀਤੀ ਪਰ ਜਦੋਂ ਜ਼ਿਆਦਾਤਰ ਵਿਧਾਇਕ ਉਹਨਾਂ ਦੇ ਖਿਲਾਫ਼ ਖੜੇ ਹੋਏ ਤਾਂ ਸੋਨੀਆ ਗਾਂਧੀ ਨੇ ਮਜਬੂਰੀ ਵਿਚ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ। ਕਾਂਗਰਸ ਨੇ ਕੈਪਟਨ ਲਈ ਬਹੁਤ ਕੁਝ ਕੀਤਾ ਪਰ ਉਹਨਾਂ ਨੇ ਪਾਰਟੀ ਦੀ ਪਿੱਠ ’ਤੇ ਛੁਰਾ ਮਾਰਨ ਲੱਗਿਆਂ ਦੋ ਮਿੰਟ ਵੀ ਨਹੀਂ ਲਾਏ। ਉਹਨਾਂ ਕਾਂਗਰਸ ਲਈ ਕੁਝ ਨਹੀਂ ਕੀਤਾ। ਉਹਨਾਂ ਨੇ ਸਿਰਫ ਅਪਣੀ ਸੁਰੱਖਿਆ ਲਈ ਕਾਂਗਰਸ ਦੀ ਵਰਤੋਂ ਕੀਤੀ। ਹੁਣ ਕੈਪਟਨ ਨੂੰ ਉਮੀਦਵਾਰ ਨਹੀਂ ਮਿਲ ਰਹੇ, ਉਹ ਲੋਕਾਂ ਨੂੰ ਪੁੱਛਦੇ ਫਿਰਦੇ ਹਨ ਕਿ ਤੂੰ ਚੋਣ ਲੜਨੀ ਹੈ?
Capt Amarinder Singh
ਲਾਲ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਦਾ ਇਕੋ ਮਕਸਦ ਹੈ, ਉਹ ਹੈ ਕਾਂਗਰਸ ਨੂੰ ਹਰਾਉਣਾ ਅਤੇ ਅਮਿਤ ਸ਼ਾਹ ਨੂੰ ਖੁਸ਼ ਕਰਨਾ। ਉਹਨਾਂ ਦੇ ਪੂਰੇ ਪਰਿਵਾਰ ’ਤੇ ਕੇਸ ਦਰਜ ਹਨ, ਉਹ ਅਮਿਤ ਸ਼ਾਹ ਨੂੰ ਖੁਸ਼ ਕਰਕੇ ਇਹਨਾਂ ਕੇਸਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਭਾਜਪਾ ਅਤੇ ਅਕਾਲੀ ਦਲ ਨਾਲ ਉਹਨਾਂ ਦੀ ਪੁਰਾਣੀ ਸਾਂਝ ਹੈ ਅਤੇ ਹੁਣ ਇਹ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਆਮ ਆਦਮੀ ਪਾਰਟੀ ’ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਉਹ ਜਾਅਲੀ ਗਰੰਟੀਆਂ ਵੰਡਦੇ ਫਿਰ ਰਹੇ ਹਨ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ, ਉਹਨਾਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ।
ਚੋਣਾਂ ਨੂੰ ਲੈ ਕੇ ‘ਆਪ’ ਵਲੋਂ ਕਿਸਾਨ ਆਗੂਆਂ ਨਾਲ ਕੀਤੇ ਜਾ ਰਹੇ ਸੰਪਰਕ ਸਬੰਧੀ ਬਿਆਨ ਦਿੰਦਿਆਂ ਲਾਲ ਸਿੰਘ ਨੇ ਕਿਹਾ ਕਿ ਇਸ ਤੋਂ ਇਹ ਸਾਫ ਹੁੰਦਾ ਹੈ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਹੈ। ਉਹ ਦੂਜਿਆਂ ਦੀਆਂ ਵੋਟਾਂ ਖੋਹਣੀਆਂ ਚਾਹੁੰਦੇ ਹਨ। ਲਾਲ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਦਾ ਮੁੱਖ ਮੁਕਾਬਲਾ ਅਕਾਲੀ ਦਲ ਨਾਲ ਹੀ ਹੋਵੇਗਾ। ਉਹਨਾਂ ਕਿਹਾ ਜਿਸ ਤਰ੍ਹਾਂ ਦੇ ਅਕਾਲੀ ਆਗੂਆਂ ਵਲੋਂ ਬਿਆਨ ਦਿੱਤੇ ਜਾ ਰਹੇ ਨੇ ਇਸ ਸਿਆਸਤ ਦਾ ਪੱਧਰ ਨਹੀਂ ਹੈ। ਸਿਆਸਤ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਸਿਆਸੀ ਆਗੂਆਂ ਨੂੰ ਇਕ ਦੂਜੇ ਦੀ ਨਿੰਦਿਆ ਕਰਨ ਦੀ ਬਜਾਏ ਲੋਕਾਂ ਲਈ ਸਕਾਰਾਤਮਕ ਕੰਮ ਕਰਨੇ ਚਾਹੀਦੇ ਹਨ।
CM Channi and Navjot Sidhu
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਗੱਲ਼ ਕਰਦਿਆਂ ਲਾਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਤਿੰਨ ਮਹੀਨੇ ਵਿਚ ਹੀ ਅਪਣੇ ਕੰਮਾਂ ਨਾਲ ਹਨੇਰੀ ਲਿਆ ਦਿੱਤੀ ਹੈ। ਉਹ ਬਹੁਤ ਸੂਝਬੂਝ ਅਤੇ ਨਿਮਰਤਾ ਨਾਲ ਲੋਕਾਂ ਵਿਚ ਵਿਚਰ ਰਹੇ ਹਨ। ਉਹਨਾਂ ਤੋਂ ਜ਼ਿਆਦਾ ਕਾਮਯਾਬ ਮੁੱਖ ਮੰਤਰੀ ਕੋਈ ਨਹੀਂ ਹੋ ਸਕਦਾ। ਉਹਨਾਂ ਦੱਸਿਆ ਕਿ ਨਵਜੋਤ ਸਿੱਧੂ ਬਹੁਤ ਵੱਡੇ ਆਗੂ ਹਨ ਅਤੇ ਉਹਨਾਂ ਦੇ ਪਿਤਾ ਸਿਆਸਤ ਵਿਚ ਮੇਰੇ ਪ੍ਰੇਰਣਾ ਸਰੋਤ ਸਨ। ਸਾਡਾ ਰਿਸ਼ਤਾ ਅੱਜ ਤੱਕ ਕਾਇਮ ਹੈ। ਉਹਨਾਂ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਨਵਾਂ ਇਤਿਹਾਸ ਸਿਰਜੇਗੀ।