
ਆਪਣੀ ਬਹਾਦਰੀ ਸਦਕਾ ਸਰਹੱਦੀ ਇਲਾਕੇ ਵਿੱਚ ਅਮਰੀਕ ਕੌਰ ਨੂੰ ਸਰਹੱਦੀ ਇਲਾਕੇ ਦੀ 'ਸ਼ੇਰਨੀ' ਵਜੋਂ ਜਾਣਿਆ ਜਾਂਦਾ ਹੈ। 1991 ਵਿੱਚ ਦਹਿਸ਼ਤਗਰਦਾਂ ਹੱਥੋਂ ਆਪਣਾ ਪਤੀ ਗਵਾ ਦੇਣ ਤੋਂ ਬਾਅਦ ਅਮਰੀਕ ਕੌਰ ਅੱਤਵਾਦ ਦੇ ਕਾਲ਼ੇ ਦੌਰ ਦੌਰਾਨ ਦਹਿਸ਼ਤਗਰਦਾਂ ਨਾਲ ਮੁਕਾਬਲੇ ਕਰਦੀ ਰਹੀ।
ਪਤੀ ਦੀ ਮੌਤ ਤੋਂ ਬਾਅਦ ਹਥਿਆਰ ਚੁੱਕ ਲੈਣ ਵਾਲੀ ਅਮਰੀਕ ਕੌਰ ਨੂੰ ਸ਼ੌਰੀਆ ਚੱਕਰ ਨਾਲ ਸਨਮਾਨਿਆ ਗਿਆ ਸੀ ਅਤੇ ਹੁਣ ਇਸ ਦਲੇਰ ਸਰਦਾਰਨੀ ਦੀ ਜ਼ਿੰਦਗ਼ੀ 'ਤੇ ਇੱਕ ਫਿਲਮ ਵੀ ਬਣਨ ਜਾ ਰਹੀ ਹੈ ਜਿਸ ਦਾ ਨਾਂਅ ਵੀ 'ਸਰਦਾਰਨੀ' ਹੀ ਦੱਸਿਆ ਜਾ ਰਿਹਾ ਹੈ।
ਅਮਰੀਕ ਦੀ ਨੂੰਹ ਰੁਪਿੰਦਰ ਕੌਰ ਦੇ ਦੱਸਣ ਅਨੁਸਾਰ ਅਮਰੀਕ ਹਮੇਸ਼ਾ ਤੋਂ ਹੀ ਦਲੇਰ ਸੀ। ਜਦੋਂ ਅਧਿਆਪਕ ਨੇ ਉਸਨੂੰ ਇੱਕ ਵਾਰ ਥੱਪੜ ਮਾਰਿਆ ਤਾਂ ਉਸਨੇ ਸਕੂਲ ਛੱਡ ਦਿੱਤਾ ਕਿਉਂ ਕਿ ਉਸਦਾ ਮੰਨਣਾ ਸੀ ਕਿ ਅਜਿਹਾ ਕਰਨਾ ਬੱਚਿਆਂ 'ਤੇ ਜ਼ੁਲਮ ਵਾਂਙ ਹੈ।
ਅਮਰੀਕ ਦਾ ਵਿਆਹ ਚੜ੍ਹਦੀ ਉਮਰੇ ਬਹਾਦਰਪੁਰ ਨਿਵਾਸੀ ਸੁਬੇਗ ਸਿੰਘ ਨਾਲ ਹੋਇਆ ਅਤੇ ਉਹ ਆਪਣੇ ਪਤੀ ਨਾਲ ਖੇਤੀਬਾੜੀ ਵਿੱਚ ਬਰਾਬਰ ਹੱਥ ਵਟਾਉਂਦੀ ਸੀ। 12 ਸਤੰਬਰ 1991 ਦੇ ਦਿਨ ਉਹ ਆਪਣੇ ਪਤੀ ਅਤੇ ਇੱਕ ਮਜ਼ਦੂਰ ਨਾਲ ਖੇਤਾਂ ਤੋਂ ਵਾਪਿਸ ਆ ਰਹੀ ਸੀ ਜਦੋਂ ਉਹ ਦਹਿਸ਼ਤਗਰਦਾਂ ਦੇ ਹਮਲੇ ਦਾ ਸ਼ਿਕਾਰ ਹੋਏ ਅਤੇ ਉਸਦੇ ਪਤੀ ਅਤੇ ਉਸ ਮਜ਼ਦੂਰ ਨੂੰ ਜਾਨ ਤੋਂ ਹੱਥ ਧੋਣੇ ਪਏ।
ਉਸ ਦਿਨ ਅਮਰੀਕ ਕੌਰ ਨੇ ਇਹ ਨਿਸ਼ਚਾ ਕਰ ਲਿਆ ਕਿ ਹੁਣ ਰਹਿੰਦੀ ਜ਼ਿੰਦਗੀ ਉਹ ਅੱਤਵਾਦ ਖਿਲਾਫ ਲੜਦੀ ਰਹੇਗੀ ਅਤੇ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ। ਅਮਰੀਕ ਕੌਰ ਨੇ ਆਪਣੇ ਇਕੱਲੀ ਦੇ ਨਾਂਅ 'ਤੇ ਹੀ ਤਿੰਨ ਹਥਿਆਰ ਖਰੀਦੇ ਹੋਏ ਸੀ।
ਅਮਰੀਕ ਕੌਰ ਨੂੰ ਸ਼ੌਰੀਆ ਚੱਕਰ 1995 ਵਿੱਚ ਦਿੱਤਾ ਗਿਆ ਸੀ ਅਤੇ ਆਪਣੀ ਜਿਉਂਦੇ ਜੀ ਅਮਰੀਕ ਨੇ ਤਕਰੀਬਨ 18 ਅੱਤਵਾਦੀਆਂ ਨੂੰ ਮੌਤ ਦੀ ਨੀਂਦ ਸੁਲਾਇਆ ਅਤੇ ਤਕਰੀਬਨ 24 ਨੇ ਉਸ ਅੱਗੇ ਆਤਮਸਮਰਪਣ ਕੀਤਾ।
ਜਿੱਥੋਂ ਤੱਕ ਫਿਲਮ ਦੀ ਗੱਲ ਹੈ ਇਹ ਫਿਲਮ ਬਣਾਉਣ ਜਾ ਰਹੇ ਹਨ ਸਪਨ ਮਨਚੰਦਾ ਜਿਸਦੀ ਕਹਾਣੀ ਰਮਨ ਕੁਮਾਰ, ਅਮਰੀਕ ਗਿੱਲ ਅਤੇ ਅਭਿਸ਼ੇਕ ਦੁਧਾਇਆ ਮਿਲ ਕੇ ਲਿਖ ਰਹੇ ਹਨ। ਇਸ ਤੋਂ ਪਹਿਲਾਂ ਸਪਨ ਮਨਚੰਦਾ 'ਤੇਰੇ ਨਾਮ' 'ਪਾ' ਅਤੇ 'ਚੀਨੀ ਕਮ' ਵਰਗੀਆਂ ਨਾਮਵਰ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਫਿਲਮ ਲਈ ਟੀਮ 6 ਮਹੀਨੇ ਪੰਜਾਬ ਵਿੱਚ ਰਾਹੀ ਚੁੱਕੀ ਹੈ ਜਿਸ ਦੌਰਾਨ ਉਹਨਾਂ ਨੇ ਵਿਸ਼ੇ 'ਤੇ ਖੋਜ ਕੀਤੀ ਅਤੇ ਜਾਣਕਾਰੀ ਇਕੱਠੀ ਕੀਤੀ। ਇਸ ਬਾਇਓਪਿਕ ਦੇ 2018 ਵਿੱਚ ਰਿਲੀਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।