
ਸੁਜਾਨਪੁਰ ਤੋ ਸਾਬਕਾ ਕਾਂਗਰਸੀ ਉਮੀਦਵਾਰ ਅਮਿਤ ਸਿੰਘ ਮੰਟਾ, ਉਘੇ ਸਮਾਜ ਸੇਵੀ ਅਮਨਦੀਪ ਸਿੰਘ ਸੰਧੂ ਅਤੇ ਰੋਪੜ ਤੋਂ ਗਰਗ ਪਰਿਵਾਰ ਹੋਇਆ ਆਮ ਆਦਮੀ ਪਾਰਟੀ 'ਚ ਸ਼ਾਮਲ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਸੀਨੀਅਰ ਕਾਂਗਰਸੀ ਆਗੂ ਅਮਿਤ ਸਿੰਘ ਮੰਟਾ, ਉਘੇ ਸਮਾਜ ਸੇਵੀ ਅਮਨਦੀਪ ਸਿੰਘ ਸੰਧੂ ਆਪਣੇ ਸਾਥੀਆਂ ਨਾਲ ਅਤੇ ਰੋਪੜ ਸ਼ਹਿਰ ਦੇ ਪ੍ਰਸਿੱਧ ਸਮਾਜਸੇਵੀ ਅਤੇ ਜਨ ਸੰਘ ਨਾਲ ਜੁੜੇ ਗਰਗ ਪਰਿਵਾਰ ਤੋਂ ਵਿਜੈ ਗਰਗ ਤੇ ਵਿਕਾਸ ਗਰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਆਗੂਆਂ ਦਾ ਅਰਵਿੰਦ ਕੇਜਰੀਵਾਲ ਨੇ ਰਸਮੀ ਤੌਰ 'ਤੇ 'ਆਪ' ਵਿੱਚ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਮੌਜੂਦ ਸਨ।
Congress, BJP leaders and social activists join AAP
'ਆਪ' ਵਿੱਚ ਸੁਜਾਨਪੁਰ ਪਠਾਨਕੋਟ ਤੋਂ ਸ਼ਾਮਲ ਹੋਏ ਆਗੂਆਂ ਬਾਰੇ ਜਾਣਕਾਰੀ ਦਿੰਦਿਆਂ 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਮਿਤ ਸਿੰਘ ਮੰਟਾ ਨੇ ਸਾਲ 2017 ਦੌਰਾਨ ਕਾਂਗਰਸ ਪਾਰਟੀ ਦੀ ਟਿਕਟ 'ਤੇ ਸੁਜਾਨਪੁਰ ਹਲਕੇ ਤੋਂ ਚੋਣ ਲੜੀ ਸੀ ਅਤੇ ਉਹਨਾਂ 31,000 ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਮੰਟਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਦੇ ਅਹੁਦੇ 'ਤੇ ਰਹਿ ਚੁੱਕੇ ਹਨ ਅਤੇ ਉਹ ਪੰਜਾਬ ਯੂਥ ਰਾਜਪੂਤ ਸਭਾ ਪੰਜਾਬ ਦੇ ਪ੍ਰਧਾਨ ਹਨ। ਇਸੇ ਤਰਾਂ ਸੁਜਾਨਪੁਰ ਦੇ ਪ੍ਰਸਿੱਧ ਸਮਾਜਸੇਵੀ ਅਮਨਦੀਪ ਸਿੰਘ ਸੰਧੂ ਵੀ ਆਪਣੇ ਸਾਥੀਆਂ ਨਾਲ 'ਆਪ' ਦੇ ਪਰਿਵਾਰ ਵਿੱਚ ਸ਼ਾਮਲ ਹੋ ਗਏ, ਜਿਨਾਂ ਇੰਗਲੈਂਡ ਤੋਂ ਲਾਅ ਦੀ ਪੜਾਈ ਕੀਤੀ ਹੈ।
ਅਮਨਦੀਪ ਸਿੰਘ ਸੰਧੂ ਦੇ ਪਿਤਾ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ 10 ਸਾਲ ਸਕੱਤਰ ਅਤੇ ਵਰਲਡ ਸਿੱਖ ਫਾਊਂਡੇਸ਼ਨ ਦੇ ਜਨਰਲ ਸਕੱਤਰ ਰਹੇ ਹਨ, ਜਦੋਂ ਕਿ ਮਾਤਾ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਅਤੇ ਭਾਜਪਾ ਮਹਿਲਾ ਮੋਰਚਾ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਵੀ ਰਹੇ ਹਨ। ਅਮਨਦੀਪ ਸੰਧੂ ਸੁਜਾਨਪੁਰ ਦੇ ਇਲਾਕੇ 'ਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਇਲਾਕੇ 'ਚ ਨਿਰਸਵਾਰਥ ਸਮਾਜਸੇਵੀ ਦੇ ਰੂਪ ਵਿੱਚ ਵਿਸ਼ੇਸ਼ ਪਹਿਚਾਣਾ ਰੱਖਦੇ ਹਨ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਰੋਪੜ ਸ਼ਹਿਰ ਦੇ ਸਮਾਜਸੇਵੀ ਗਰਗ ਪਰਿਵਾਰ ਨੇ ਵੀ ਅਰਵਿੰਦ ਕੇਜਰੀਵਾਲ ਦੀ ਆਗਵਾਈ 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਸਵਰਗੀ ਲਾਲਾ ਗੁਜਰ ਮੱਲ ਅਗਰਵਾਲ ਭਰਤਗੜ ਵਾਲਿਆਂ ਦੇ ਪਰਿਵਾਰ 'ਚੋਂ ਵਿਜੈ ਗਰਗ ਅਤੇ ਉਹਨਾਂ ਦੇ ਪੁੱਤਰ ਵਿਕਾਸ ਗਰਗ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਰਾਜਨੀਤਿਕ ਖੇਤਰ ਵਿੱਚ ਸੇਵਾ ਕਰਨ ਦਾ ਐਲਾਨ ਕੀਤਾ ਹੈ। ਚੀਮਾ ਨੇ ਦੱਸਿਆ ਕਿ ਇਹ ਗਰਗ ਪਰਿਵਾਰ ਸਨਾਤਨ ਧਰਮ ਦੇ ਮਾਰਗ ਚੱਲਣ ਵਾਲਾ ਅਤੇ ਭਾਜਪਾ ਤੇ ਜਨ ਸੰਘ ਨਾਲ ਜੁੜਿਆ ਰਿਹਾ ਹੈ। ਇਸ ਪਰਿਵਾਰ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਨਾਂਅ ਹੈ।