
ਇਲਜ਼ਾਮਬਾਜ਼ੀ ਨਾਲ ਕੋਰੋਨਾ ਖ਼ਤਮ ਨਹੀਂ ਹੋਣ ਵਾਲਾ : ਕੇਜਰੀਵਾਲ
ਨਵੀਂ ਦਿੱਲੀ, 17 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਮਹਾਂਮਾਰੀ ਦੀ ਸਥਿਤੀ ਨੂੰ ਲੈ ਕੇ ਦੋਸ਼ ਲਾਉਣ ਨਾਲ ਕੋਵਿਡ 19 ਦੀ ਬੀਮਾਰੀ ਖ਼ਤਮ ਨਹੀਂ ਹੋਵੇਗੀ ਅਤੇ ਇਸ ਨੂੰ ਪੂਰੇ ਦੇਸ਼ 'ਚੋਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ | ਕੇਜਰੀਵਾਲ ਦੀ ਇਹ ਟਿਪਣੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਬਿਆਨ ਦੇ ਜਵਾਬ 'ਚ ਆਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ, ''ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਐਨਸੀਆਰ ਪ੍ਰਭਾਵਤ ਹੋ ਰਿਹਾ ਹੈ ਅਤੇ ਗੁਰੂਗ੍ਰਾਮ, ਫਰੀਦਾਬਾਦ ਤੇ ਸੋਨੀਪਤ ਜ਼ਿਲਿ੍ਹਆਂ 'ਚ ਲਾਗ ਦੀ ਦਰ ਵਧੀ ਹੈ |''
ਵਿਜ ਦੀ ਟਿਪਣੀ ਬਾਰੇ ਪੁੱਛੇ ਜਾਣ 'ਤੇ ਕੇਜਰੀਵਾਲ ਨੇ ਕਿਹਾ, ''ਮੈਂ ਇਲਜ਼ਾਮਬਾਜ਼ੀ 'ਚ ਨਹੀਂ ਫਸਣਾ ਚਾਹੁੰਦਾ | ਇਸ ਨਾਲ ਬੀਮਾਰੀ ਖ਼ਤਮ ਨਹੀਂ ਹੋਵੇਗੀ | ਦੇਸ਼ 'ਚ ਕਿਤੇ ਵੀ ਕੋਰੋਨਾ ਵਾਇਰਸ ਹੋਵੇ ਉਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ |'' ਉਨ੍ਹਾਂ ਕਿਹਾ ਕਿ ਦਿੱਲੀ 'ਚ ਕੋਵਿਡ 19 ਦੇ ਮਾਮਲੇ ਘੱਟ ਹੋ ਰਹੇ ਹਨ ਅਤੇ ਸੋਮਵਾਰ ਨੂੰ ਕਰੀਬ 12 ਤੋਂ 13 ਹਜ਼ਾਰ ਨਵੇਂ ਮਾਮਲੇ ਆਉਣ ਦੀ ਉਮੀਦ ਹੈ, ਜੋ ਐਤਵਾਰ ਨੂੰ ਆਏ ਕਰੀਬ 18 ਹਜ਼ਾਰ ਮਾਮਲਿਆਂ ਤੋਂ ਘੱਟ ਹਨ | ਮੁੱਖ ਮੰਤਰੀ ਨੇ ਇਹ ਗੱਲ ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ) ਦੀ ਪਹਿਲੀ
ਇਲੈਕਟਰਾਟਿਕ ਬੱਸ ਨੂੰ ਇੰਦਰਪ੍ਰਸਥ ਡਿਪੋ 'ਤੇ ਹਰੀ ਝੰਡੀ ਦਿਖਾਉਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ | ਉਨ੍ਹਾਂ ਕਿਹਾ ਕਿ ਅਪ੍ਰੈਲ ਤਕ ਦਿੱਲੀ 'ਚ 300 ਅਤੇ ਇਲੈਕਟਰਿਕ ਬੱਸਾਂ ਆ ਜਾਣਗੀਆਂ | ਕੇਜਰੀਵਾਲ ਨੇ ਦਸਿਆ ਕਿ ਆਉਣ ਵਾਲੇ ਕੁੱਝ ਸਾਲਾਂ 'ਚ ਰਾਸ਼ਟਰੀ ਰਾਜਧਾਨੀ ਦੇ ਜਨਤਕ ਟਰਾਂਸਪੋਰਟ ਬੇੜੇ 'ਚ ਕਰੀਬ ਦੋ ਹਜ਼ਾਰ ਇਲੈਕਟਰਿਕ ਬੱਸਾਂ ਹੋਣਗੀਆਂ |
(ਏਜੰਸੀ)