
ਪਦਮਸ਼੍ਰੀ ਨਾਲ ਸਨਮਾਨਤ ਸਮਾਜ ਸੇਵਿਕਾ ਸ਼ਾਂਤੀ ਦੇਵੀ ਦਾ ਦਿਹਾਂਤ
ਨਵੀਂ ਦਿੱਲੀ, 17 ਜਨਵਰੀ : ਮਸ਼ਹੂਰ ਸਮਾਜ ਸੇਵਿਕਾ ਅਤੇ ਪਦਮਸ਼੍ਰੀ ਨਾਲ ਸਨਮਾਨਤ ਸ਼ਾਂਤੀ ਦੇਵੀ ਦਾ ਉੜੀਸ਼ਾ ਦੇ ਰਾਏਗੜ੍ਹ ’ਚ 88 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪ੍ਰਵਾਰ ਦੇ ਮੈਂਬਰਾਂ ਮੁਤਾਬਕ, ਸ਼ਾਂਦੀ ਦੇਵੀ ਨੇ ਐਤਵਾਰ ਰਾਤ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸ ਦੇ ਕੁੱਝ ਸਮੇਂ ਬਾਅਦ ਗੁਨੁਪੁਰ ਸਥਿਤ ਅਪਣੇ ਆਸ਼ਰਮ ’ਚ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਏਗੜ੍ਹ ਸਥਿਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੜੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ, ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਗ਼ਰੀਬ ਅਤੇ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਉਨ੍ਹਾਂ ਇਕ ਟਵੀਟ ’ਚ ਕਿਹਾ, ‘ਸ਼ਾਂਤੀ ਦੇਵੀ ਜੀ ਨੂੰ ਗ਼ਰੀਬ ਅਤੇ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਉਨ੍ਹਾਂ ਨਿਰਸਵਾਰਥ ਲੋਕਾਂ ਦਾ ਦੁਖ ਦੂਰ ਕਰਨ ਅਤੇ ਇਕ ਸਿਹਤਮੰਦ ਅਤੇ ਨਿਆਂਸੰਗਤ ਸਮਾਜ ਦੇ ਨਿਰਮਾਣ ਲਈ ਕੰਮ ਕੀਤਾ। ਉਨ੍ਹਾਂ ਦੇ ਦਿਹਾਂਤ ਨਾਲ ਬੇਹੱਦ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਦੇ ਪ੍ਰਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ।’ (ਏਜੰਸੀ)