
ਚੋਣ ਕਮਿਸ਼ਨਰ ਨੇ ਪੰਜਾਬ ਵਿਚ ਚੋਣਾਂ ਦਾ ਕੰਮ 6 ਦਿਨ ਅੱਗੇ ਪਾਇਆ
ਹੁਣ 14 ਫ਼ਰਵਰੀ ਦੀ ਥਾਂ 20 ਫ਼ਰਵਰੀ ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ, 17 ਜਨਵਰੀ (ਗੁਰਉਪਦੇਸ਼ ਭੁੱਲਰ) : ਚੋਣ ਕਮਿਸ਼ਨ ਨੇ ਆਖ਼ਰ ਪੰਜਾਬ ਦੀਆਂ 14 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰੋਗਰਾਮ ਵਿਚ ਤਬਦੀਲੀ ਕਰਦਿਆਂ ਹੁਣ ਨਵਾਂ ਪ੍ਰੋਗਰਾਮ ਜਾਰੀ ਕੀਤਾ ਹੈ | ਇਹ ਫ਼ੈਸਲਾ ਸੂਬੇ ਦੀਆਂ ਸਾਰੀਆਂ ਹੀ ਪਾਰਟੀਆਂ ਵਲੋਂ ਕੀਤੀ ਗਈ ਮੰਗ ਨੂੰ ਪ੍ਰਵਾਨ ਕਰਦਿਆਂ ਲਿਆ ਗਿਆ ਹੈ |
ਚੋਣ ਕਮਿਸ਼ਨ ਦੇ ਫ਼ੈਸਲੇ ਮੁਤਾਬਕ ਹੁਣ ਪੰਜਾਬ ਵਿਚ ਵੋਟਾਂ ਪਹਿਲਾਂ ਨਿਰਧਾਰਤ 14 ਫ਼ਰਵਰੀ ਦੀ ਥਾਂ 20 ਫ਼ਰਵਰੀ ਨੂੰ ਪੈਣਗੀਆਂ | ਕਮਿਸ਼ਨ ਦੇ ਇਸ ਫ਼ੈਸਲੇ ਨਾਲ ਰੋਜ਼ਾਨਾ ਸਪੋਕਸਮੈਨ ਦੀ ਅੱਜ ਪਹਿਲੇ ਪੰਨੇ ਉਪਰ ਪ੍ਰਮੁੱਖਤਾ ਨਾਲ ਲੱਗੀ ਖ਼ਬਰ ਵੀ ਸਹੀ ਨਿਕਲੀ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿਚ ਚੋਣਾਂ ਲਈ ਨਿਰਧਾਰਤ ਪ੍ਰੋਗਰਾਮ 'ਚ ਬਦਲਾਅ ਦੇ ਆਸਾਰ ਬਣ ਗਏ ਹਨ | ਕਮਿਸ਼ਨ ਨੇ ਇਹ ਫ਼ੈਸਲਾ ਭਗਤ ਰਵੀਦਾਸ ਦੀ 16 ਫ਼ਰਵਰੀ ਨੂੰ ਜੈਯੰਤੀ ਹੋਣ ਦੇ ਮੱਦੇਨਜ਼ਰ ਉਨ੍ਹਾਂ ਨਾਲ ਜੁੜੇ ਲੱਖਾਂ ਸ਼ਰਧਾਲੂਆਂ ਦੀਆਂ ਧਾਰਮਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਲਿਆ ਹੈ | ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਨਾ ਰਾਜੂ ਨੇ ਅੱਜ ਸ਼ਾਮ ਚੋਣ ਕਮਿਸ਼ਨ ਦੇ ਨਵੇਂ ਫ਼ੈਸਲੇ ਮੁਤਾਬਕ ਜਾਰੀ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ ਹੁਣ ਵੋਟਾਂ 20 ਫ਼ਰਵਰੀ ਨੂੰ ਪੈਣਗੀਆਂ | ਨਵੇਂ ਪ੍ਰੋਗਰਾਮ ਮੁਤਾਬਕ ਹੁਣ ਉਮੀਦਵਾਰਾਂ
ਦੇ ਕਾਗ਼ਜ਼ ਭਰਨ ਦਾ ਕੰਮ 21 ਜਨਵਰੀ ਦੀ ਥਾਂ 25 ਜਨਵਰੀ ਤੋਂ ਸ਼ੁਰੂ ਹੋਵੇਗਾ |
ਇਸੇ ਦਿਨ ਹੀ ਨੋਟੀਫ਼ੀਕੇਸ਼ਨ ਜਾਰੀ ਹੋਣ ਨਾਲ ਹੀ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ | ਹੁਣ ਕਾਗ਼ਜ਼ ਭਰਨ ਦੀ ਆਖ਼ਰੀ ਤਰੀਕ 1 ਫ਼ਰਵਰੀ ਹੋਵੇਗੀ | 2 ਫ਼ਰਵਰੀ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ 4 ਫ਼ਰਵਰੀ ਤਕ ਨਾਮ ਵਾਪਸ ਲਏ ਜਾ ਸਕਦੇ ਹਨ | 20 ਫ਼ਰਵਰੀ ਐਤਵਾਰ ਵਾਲੇ ਦਿਨ ਵੋਟਾਂ ਪੈਣਗੀਆਂ | ਚੋਣ ਨਤੀਜੇ ਹੋਰਨਾਂ ਰਾਜਾਂ ਨਾਲ ਹੀ ਪਹਿਲਾਂ ਤੈਅ ਤਰੀਕ 10 ਮਾਰਚ ਨੂੰ ਹੀ ਐਲਾਨੇ ਜਾਣਗੇ | ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਚੋਣ ਕਮਿਸ਼ਨ ਨੂੰ ਵੋਟਾਂ ਦੀ ਤਰੀਕ ਵਿਚ ਤਬਦੀਲੀ ਲਈ ਪੱਤਰ ਲਿਖੇ ਜਾਣ ਤੋਂ ਇਲਾਵਾ 'ਆਪ' ਭਾਜਪਾ, ਅਕਾਲੀ, ਬਸਪਾ ਤੇ ਕੈਪਟਨ ਦੀ ਪਾਰਟੀ ਵਲੋਂ ਵੀ ਭਗਤ ਰਵੀਦਾਸ ਜੈਯੰਤੀ ਦੇ ਮੱਦੇਨਜ਼ਰ ਮੰਗ ਕੀਤੀ ਗਈ ਸੀ | 16 ਫ਼ਰਵਰੀ ਨੂੰ ਭਗਤ ਰਵੀਦਾਸ ਜੈਯੰਤੀ ਹੈ ਅਤੇ ਪੰਜਾਬ ਦੇ 20 ਲੱਖ ਦੇ ਕਰੀਬ ਉਨ੍ਹਾਂ ਦੇ ਸ਼ਰਧਾਲੂ ਬਨਾਰਸ ਵਿਖੇ ਇਹ ਦਿਨ ਮਨਾਉਣ ਜਾਂਦੇ ਹਨ | ਸ਼ਰਧਾਲੂ ਕਈ ਦਿਨ ਪਹਿਲਾਂ ਹੀ ਜਾਣੇ ਸ਼ੁਰੂ ਹੋ ਜਾਂਦੇ ਹਨ ਅਤੇ ਹਫ਼ਤੇ ਬਾਅਦ ਵਾਪਸੀ ਹੁੰਦੀ ਹੈ | ਇਸ ਕਰ ਕੇ 14 ਫ਼ਰਵਰੀ ਨੂੰ ਵਾਪਸੀ ਸੰਭਵ ਨਹੀਂ ਸੀ | ਚੋਣ ਕਮਿਸ਼ਨ ਨੇ ਸਿਆਸੀ ਦਲਾਂ ਵਲੋਂ ਇਕ ਹਫ਼ਤਾ ਚੋਣਾਂ ਅੱਗੇ ਪਾਉਣ ਦੀ ਮੰਗ ਮੰਨੀ ਗਈ ਹੈ |