ਸਾਰੀ ਰਾਤ ਕੁੱਤੇ ਬਜ਼ੁਰਗ ਨੂੰ ਨੋਚ ਨੋਚ ਖਾਂਦੇ ਰਹੇ
ਫਿਰੋਜ਼ਪੁਰ: ਫਿਰੋਜ਼ਪੁਰ ’ਚ ਲਗਾਤਾਰ ਕੁੱਤਿਆਂ ਦੇ ਹਮਲੇ ਵਧਦੇ ਜਾ ਰਹੇ ਹਨ। ਇਹਨਾਂ ਕੁੱਤਿਆਂ ਦੇ ਹਮਲੇ ਕਾਰਨ ਇੱਕ ਤੋਂ ਬਾਅਦ ਇੱਕ ਇਨਸਾਨੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਗੁਰੂਹਰਸਹਾਏ ’ਚ ਕੁੱਤਿਆਂ ਵੱਲੋਂ ਇੱਕ ਨੌਜਵਾਨ ਨੂੰ ਨੋਚ ਨੋਚ ਕੇ ਖਾ ਲਿਆ ਸੀ। ਹੁਣ ਫਿਰੋਜ਼ਪੁਰ ਦੇ ਪਿੰਡ ਚੰਗਾਲੀ ਜਦੀਦ ’ਚ ਅਵਾਰਾ ਕੁੱਤਿਆਂ ਵੱਲੋਂ ਇੱਕ ਬਜ਼ੁਰਗ ਨੂੰ ਨੋਚ ਨੋਚ ਕੇ ਖਾ ਲਿਆ। ਜਿਸ ਦੀ ਮੌਤ ਦਾ ਸਵੇਰੇ ਪਤਾ ਚਲਿਆ।
ਦੱਸ ਦਈਏ ਕਿ ਪਿੰਡ ਚੰਗਾਲੀ ਜਦੀਦ ਦਾ 65 ਸਾਲਾ ਜਗੀਰ ਚੌਧਰੀ ਪੰਜ ਧੀਆਂ ਦਾ ਬਾਪ ਹੈ ਤੇ ਉਹ ਆਪਣੀਆਂ ਧੀਆਂ ਨੂੰ ਲੋਹੜੀ ਦੇ ਕੇ ਸਾਇਕਲ ਤੇ ਵਾਪਸ ਆਪਣੇ ਪਿੰਡ ਆ ਰਿਹਾ ਸੀ। ਹਨੇਰਾ ਅਤੇ ਧੁੰਦ ਹੋਣ ਕਾਰਨ ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਸਾਰੀ ਰਾਤ ਨੋਚ ਨੋਚ ਕੇ ਖਾਂਦੇ ਰਹੇ। ਦਿਨ ਚੜ੍ਹਦੇ ਜਦੋਂ ਰਾਹਗੀਰਾਂ ਨੂੰ ਪਤਾ ਲੱਗਾ ਤਾਂ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ ਤੇ ਬਜ਼ੁਰਗ ਦੇ ਸਰੀਰ ਨੂੰ ਕੁੱਤਿਆਂ ਵੱਲੋਂ ਅੱਧਾ ਖਾਧਾ ਹੋਇਆ ਸੀ। ਇਸ ਘਟਨਾ ਨੂੰ ਸੁਣਦੇ ਹੀ ਆਸ ਪਾਸ ਦੇ ਪਿੰਡਾਂ ’ਚ ਇੱਕ ਸਹਿਮ ਦਾ ਮਾਹੌਲ ਬਣ ਗਿਆ। ਹਰ ਕੋਈ ਕੁੱਤਿਆਂ ਤੋਂ ਆਪਣੀ ਸੁਰੱਖਿਆ ਲਈ ਚਿੰਤਿਤ ਨਜ਼ਰ ਆ ਰਿਹਾ ਸੀ।
