ਗੜਗੱਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਢੰਗੀ ਕਟਿੰਗ ਕਰਨ ਵਾਲੇ ਮਨਵੀਰ ਸਿੰਘ ਨਿਰਦੋਸ਼ ਕਰਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਿੱਖ ਪਰੰਪਰਾ, ਸਿਧਾਂਤ ਅਤੇ ਮਰਿਆਦਾ ਦੀ ਉਲੰਘਣਾ ਨਾਲ ਜੁੜੇ ਇੱਕ ਹੋਰ ਗੰਭੀਰ ਵਿਵਾਦ ਵਿੱਚ ਬੁਰੀ ਤਰ੍ਹਾਂ ਫਸ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਿਠਾਏ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਹੋਰ ਗੈਰ-ਸਿਧਾਂਤਕ ਅਤੇ ਆਪਹੁਦਰੀ ਕਾਰਵਾਈ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਯੂ. ਕੇ. ਦੀਆਂ ਸਮੂਹ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਵਿਆਪਕ ਹੋ ਗਿਆ ਹੈ।
ਸਤਿਕਾਰ ਕਮੇਟੀ ਯੂਕੇ ਦੇ ਮੁਖੀ ਮਨਵੀਰ ਸਿੰਘ ਮੰਨਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ’ਤੇ ਪੰਛੀਆਂ ਦੇ ਚਿੱਤਰ ਬਣਾਉਣੇ, ਟਰੈਕਰ ਲਗਾਉਣੇ, ਸਤਿਕਾਰ ਕਮੇਟੀ ਦੀਆਂ ਮੋਹਰਾਂ ਲਗਾਉਣ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਇੱਕ ਕਟਰ ਰਾਹੀਂ ਬੇਢੰਗੀ ਕਟਿੰਗ ਕੀਤੀ ਗਈ, ਜਿਨ੍ਹਾਂ ਨੂੰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ, ਯੂ.ਕੇ. ਦੇ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ, ਤਾਂ ਭਾਈ ਮਨਵੀਰ ਸਿੰਘ ਵੱਲੋਂ ਚੱਲਦੇ ਅਖੰਡ ਪਾਠ ਸਾਹਿਬ ਦੌਰਾਨ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠੋਂ ਗੱਦੀਆਂ ਕੱਢ ਦਿੱਤੀਆਂ ਗਈਆਂ, ਜੋ ਗੰਭੀਰ ਮਰਿਆਦਾ ਉਲੰਘਣਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਮਰਿਆਦਾਹੀਣ ਵਰਤਾਰਾ, ਬੇਅਦਬੀ ਅਤੇ ਸੰਗਤਾਂ ਨੂੰ ਗੁਮਰਾਹ ਕਰਕੇ ਮਾਇਆ ਇਕੱਤਰ ਕਰਨ ਸੰਬੰਧੀ ਸ਼ਿਕਾਇਤਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 16 ਜੂਨ 2022 ਨੂੰ ਪੰਜ ਮੈਂਬਰੀ ਪੜਤਾਲ ਕਮੇਟੀ ਗਠਿਤ ਕੀਤੀ ਗਈ ਸੀ। ਮਨਵੀਰ ਸਿੰਘ ਮੰਨਾ ਨੇ ਨਾ ਸਿਰਫ਼ ਇਸ ਕਮੇਟੀ ਨੂੰ ਹੀ ਗਲਤ ਠਹਿਰਾਇਆ, ਸਗੋਂ ਕਿਸੇ ਕਿਸਮ ਦਾ ਸਹਿਯੋਗ ਵੀ ਨਹੀਂ ਕੀਤਾ। ਪੜਤਾਲ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਮਨਵੀਰ ਸਿੰਘ ਨੂੰ ਦੋਸ਼ੀ ਪਾਇਆ ਗਿਆ ਅਤੇ 6 ਦਸੰਬਰ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਯੂ. ਕੇ. ਦੀਆਂ ਸੰਗਤਾਂ ਨੂੰ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਜਾਂ ਸਹਿਯੋਗ ਨਾ ਕਰਨ ਦੇ ਸਪੱਸ਼ਟ ਹੁਕਮ ਜਾਰੀ ਕੀਤੇ ਗਏ।
ਇਸ ਮਾਮਲੇ ਵਿੱਚ ਹੁਣ ਗਿਆਨੀ ਗੜਗੱਜ ਵੱਲੋਂ ਉਸੇ ਦੋਸ਼ੀ ਮਨਵੀਰ ਸਿੰਘ ਦੇ ਹੱਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨਾਲ ਸੰਬੰਧਿਤ ਯੂ. ਕੇ. ਦੀ ਅਦਾਲਤ ਵਿੱਚ ਚੱਲ ਰਹੇ ਕੇਸ ਦੌਰਾਨ ਪੂਰਨ ਸਹਿਯੋਗ ਦੇਣ ਲਈ ਯੂ. ਕੇ. ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਨਾਲ ਹੀ ਇਹ ਕਿਹਾ ਗਿਆ ਹੈ ਕਿ 12 ਦਸੰਬਰ 2025 ਨੂੰ ਗਠਿਤ ਕਮੇਟੀ ਦੀ ਰਿਪੋਰਟ ’ਤੇ ਪੰਜ ਸਿੰਘ ਸਾਹਿਬਾਨਾਂ ਦੀ ਅਗਲੀ ਇਕੱਤਰਤਾ ਵਿੱਚ ਵਿਚਾਰ ਕਰਕੇ ਫ਼ੈਸਲਾ ਲਿਆ ਜਾਵੇਗਾ।
ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਮਾਮਲੇ ਨੂੰ ਵਿਚਾਰੇ ਬਿਨਾਂ ਆਪਣੇ ਤੌਰ ’ਤੇ ਫ਼ੈਸਲਾ ਲੈ ਲੈਣਾ ਕੀ ਮਰਿਆਦਾ ਦਾ ਘਾਣ ਅਤੇ ਗੈਰ-ਸਿਧਾਂਤਕ ਕਦਮ ਨਹੀਂ? ਜਿਹੜਾ ਹੁਕਮ ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਕੀਤਾ ਗਿਆ ਹੋਵੇ, ਕੀ ਉਸ ਅਹਿਮ ਪੰਥਕ ਫ਼ੈਸਲੇ ਨੂੰ ਕੇਵਲ ਇੱਕ ਜਥੇਦਾਰ ਬਦਲਣ ਦੀ ਹੈਸੀਅਤ ਰੱਖਦਾ ਹੈ? ਕੀ ਇਹ ਪੰਜ-ਪ੍ਰਧਾਨੀ ਸੰਸਥਾ ਦਾ ਸਿੱਧਾ ਅਪਮਾਨ ਨਹੀਂ?
ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਮਨਵੀਰ ਸਿੰਘ ਸਬੰਧੀ ਦੁਬਾਰਾ ਕਰਵਾਈ ਗਈ ਜਾਂਚ ਵਿੱਚ ਉਸ ’ਤੇ ਲਗਾਏ ਦੋਸ਼ ਬੇਬੁਨਿਆਦ ਪਾਏ ਗਏ ਹਨ, ਤਾਂ ਕੀ ਪਹਿਲੀ ਰਿਪੋਰਟ ਗਲਤ ਸੀ? ਅਤੇ ਜੇ ਗਲਤ ਸੀ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗਲਤ ਰਿਪੋਰਟ ਸੌਂਪਣ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ?
ਬਰਤਾਨੀਆ ਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕਾਂ ਵੱਲੋਂ ਜੂਨ 2022 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਪੱਤਰ ਦੇਣ ਤੋਂ ਪਹਿਲਾਂ 29 ਮਈ 2022 ਦਿਨ ਐਤਵਾਰ ਨੂੰ ਯੂ. ਕੇ. ਦੇ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਪੰਥਕ ਇਕੱਠ ਕੀਤਾ ਗਿਆ। ਇੱਥੇ ਮਤਿਆਂ ਰਾਹੀਂ ਸਤਿਕਾਰ ਕਮੇਟੀ ਯੂ. ਕੇ. ਦੇ ਮੁਖੀ ਮਨਵੀਰ ਸਿੰਘ ਉਰਫ਼ ਮੰਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਲਈ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਰਮਤਿ ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ।
ਜਥੇਬੰਦੀਆਂ ਵਿੱਚ ਇੰਗਲੈਂਡ ਦੇ ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦਿਆਂ, ਪੰਥਕ ਜਥੇਬੰਦੀਆਂ ਜਿਨ੍ਹਾਂ ਵਿੱਚ ਸੁਪਰੀਮ ਸਿੱਖ ਕੌਂਸਲ, ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ (FSO), ਯੂਨਾਈਟਿਡ ਖ਼ਾਲਸਾ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਧਰਮਯੁੱਧ ਜਥਾ ਯੂ ਕੇ, ਇੰਟਰਨੈਸ਼ਨਲ ਪੰਥਕ ਦਲ, ਸਿੱਖ ਕੌਂਸਲ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲਿਟਟਿਵ ਫੋਰਮ ਅਤੇ ਰਾਮਗੜ੍ਹੀਆ ਕੌਂਸਲ ਯੂ ਕੇ ਦੀ ਸ਼ਮੂਲੀਅਤ ਰਹੀ। ਮੀਟਿੰਗ ਵਿਚ ਸਤਿਕਾਰ ਕਮੇਟੀ ਯੂ ਕੇ ਦੇ ਮੁਖੀ ਭਾਈ ਮਨਵੀਰ ਸਿੰਘ ਵੱਲੋਂ ਕੀਤੀਆਂ ਆਪ ਹੁਦਰੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਬਾਰੇ ਵੀਡੀਓ ਰਾਹੀ ਸਬੂਤਾਂ ਸਮੇਤ ਜਾਣਕਾਰੀ ਦਿੱਤੀ । ਇਹ ਕਿ ਪਿਛਲੇ ਕਾਫ਼ੀ ਸਮੇਂ ਤੋਂ ਗੁਰਦੁਆਰਾ ਬਾਬਾ ਸੰਗ ਦੇ ਪ੍ਰਬੰਧਕਾਂ ਅਤੇ ਸਤਿਕਾਰ ਕਮੇਟੀ ਯੂ ਕੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਚੱਲ ਰਹੀਆਂ ਸੇਵਾਵਾਂ ਨੂੰ ਲੈ ਕੇ ਮਾਮਲਾ ਭਖਿਆ ਹੋਇਆ ਸੀ, ਜਿਸ ਨੂੰ ਲੈ ਕੇ ਪ੍ਰਬੰਧਕਾਂ ਨੇ ਸਤਿਕਾਰ ਕਮੇਟੀ ਦੇ ਮੁਖੀ ਮਨਵੀਰ ਸਿੰਘ ਨਾਲ ਬੈਠ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਮਨਬੀਰ ਸਿੰਘ ਵੱਲੋਂ ਸਹਿਯੋਗ ਦੇਣ ਦੀ ਬਜਾਏ ਪ੍ਰਬੰਧਕਾਂ ਨੂੰ ਮੀਣੇ, ਮਸੰਦ, ਗੋਲਕ ਚੋਰ ਅਤੇ ਕਾਤਲ ਕਹਿਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਯੂ ਕੇ ’ਚ ਪੰਥਕ ਇਕੱਠ ਨੇ ਸਮੁੱਚੇ ਰੂਪ ਵਿੱਚ ਮਨਵੀਰ ਸਿੰਘ ਉਰਫ਼ ਮਨੀਪਾਲ ਸਿੰਘ ਸਤਿਕਾਰ ਕਮੇਟੀ ਯੂ. ਕੇ. ਦੇ ਮੁਖੀ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਕਾਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੋਸ਼ੀ ਮੰਨਿਆ ਅਤੇ ਸਾਂਝੇ ਰੂਪ ਵਿੱਚ ਮਤੇ ਪਾਸ ਕਰਕੇ ਸਮੁੱਚੇ ਰੂਪ ਵਿੱਚ ਸਤਿਕਾਰ ਕਮੇਟੀ ਯੂ. ਕੇ. ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਅਤੇ ਮਨਵੀਰ ਸਿੰਘ ਉਰਫ਼ ਮਨੀਪਾਲ ਸਿੰਘ ਸਤਿਕਾਰ ਕਮੇਟੀ ਯੂ. ਕੇ. ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹੇਠ ਕੀਤੀਆਂ ਜਾਂਦੀਆਂ ਸਾਰੀਆਂ ਕਾਰਵਾਈਆਂ ’ਤੇ ਤੁਰੰਤ ਰੋਕ ਲਾਈ ਗਈ। ਇਹ ਫ਼ੈਸਲਾ ਵੀ ਲਿਆ ਗਿਆ ਕਿ ਸਤਿਕਾਰ ਕਮੇਟੀ ਯੂ ਕੇ ਜਾਂ ਕਿਸੇ ਵੀ ਇਕੱਲੇ ਵਿਅਕਤੀ ਜਾਂ ਸੰਸਥਾ ਨੂੰ ਅਧਿਕਾਰ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਤੋਂ ਬਾਹਰ ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਸੱਚਖੰਡ ਬਣਾਵੇ। ਇਸ ਦੇ ਨਾਲ ਹੀ ਉਸ ਵਕਤ ਸਤਿਕਾਰ ਕਮੇਟੀ ਯੂ. ਕੇ. ਦੇ ਸਾਰੇ ਮੈਂਬਰਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਰੰਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਸੀ।
