
ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਅੱਜ ਵਿਆਹ ਬੰਧਨ 'ਚ ਬੱਝ ਗਏ......
ਬਠਿੰਡਾ : ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਅੱਜ ਵਿਆਹ ਬੰਧਨ 'ਚ ਬੱਝ ਗਏ। ਉਨ੍ਹਾਂ ਆਨੰਦ ਕਾਰਜ ਪੂਰੀਆਂ ਧਾਰਮਿਕ ਰੀਤਾਂ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾਂ ਰਾਮ ਤੀਰਥ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ ਤੇ ਰਾਜਸੀ ਸਖਸ਼ੀਅਤਾਂ ਨੇ ਹਾਜਿਰੀ ਭਰੀ। ਉਨ੍ਹਾਂ ਦੀ ਡੋਲੀ ਮਾਝੇ ਦੇ ਯੂਥ ਆਗੂ ਸੁਖਰਾਜ ਸਿੰਘ ਬੱਲ ਨਾਲ ਪ੍ਰਵਾਰ ਵਲੋਂ ਕੀਤੀ ਗਈ। ਕਰੀਬ ਸੱਤ ਏਕੜ ਖੁੱੱਲੇ ਪੰਡਾਲ ਵਿੱਚ ਪੇਂਡੂ ਤੇ ਸਾਦੇ ਤਰੀਕੇ ਨਾਲ ਹੋਏ ਇਸ ਸਮਾਗਮ ਵਿਚ ਅਸੀਰਵਾਦ ਦੇਣ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਆਮ ਵਰਕਰਾਂ ਤੋਂ ਇਲਾਵਾ ਆਪ ਆਗੂ ਸੰਜੇ ਸਿੰਘ,
ਭਗਵੰਤ ਮਾਨ ਸਹਿਤ ਦਿੱਲੀ ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕ ਵੀ ਪੁੱਜੇ ਹੋਏ ਸਨ। ਜਦੋਂ ਕਿ ਸੂਬੇ ਦੇ ਪਸ਼ੂ ਪਾਲਣ ਮੰਤਰੀ ਸ੍ਰ.ਬਲਵੀਰ ਸਿੰਘ ਸਿੱਧੂ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰ.ਅਜਾਇਬ ਸਿੰਘ ਭੱਟੀ ਬੀਤੇ ਕੱਲ ਹੀ ਵਿਧਾਇਕਾ ਦੇ ਘਰ ਪੁੱਜ ਕੇ ਉਨਾਂ ਨੂੰ ਵਧਾਈ ਦੇ ਗਏ ਸਨ। ਇਸੇ ਤਰ੍ਹਾਂ ਅੱਜ ਸਵੇਰੇ 'ਆਪ' ਦੇ ਬਾਗੀ ਲੋਕ ਸਭਾ ਮੈਂਬਰ ਸ੍ਰੀ ਧਰਮਵੀਰ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਡਾ.ਪ੍ਰਨੀਤ ਵੀ ਵਿਧਾਇਕਾ ਦੇ ਘਰ ਪੁੱਜੇ।