ਪੁਲਵਾਮਾ ਹਮਲਾ : ਓਹਨਾਂ ਨੇ 41 ਮਾਰੇ ਸਾਨੂੰ 82 ਮਾਰਨੇ ਚਾਹੀਦੇ ਹਨ : ਕੈਪਟਨ
Published : Feb 18, 2019, 7:58 pm IST
Updated : Feb 18, 2019, 7:58 pm IST
SHARE ARTICLE
Captain Amarinder Singh
Captain Amarinder Singh

ਪੁਲਵਾਮਾ ਹਮਲੇ ਦੇ ਸੰਦਰਭ ’ਚ 'ਜੈਸੇ ਕੋ ਤੈਸਾ' ਨੀਤੀ ਅਪਣਾਉਣ ਦਾ ਸੱਦਾ, ਮੌਜੂਦਾ ਸਮਾਂ ਕਾਰਵਾਈ ਕਰਨ ਦਾ ਨਾ ਕਿ ਗੱਲਬਾਤ ਕਰਨ ਦਾ

ਚੰਡੀਗੜ੍ਹ : ਰੋਜ਼ਾਨਾ ਭਾਰਤੀ ਫੌਜੀਆਂ ਦੀਆਂ ਮੂਰਖਤਾਪੂਰਨ ਹੱਤਿਆਵਾਂ ਤੋਂ ਪੂਰਾ ਦੇਸ਼ ਤੰਗ ਹੋ ਜਾਣ ਦੀ ਗੱਲ 'ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਰੁਧ ਤਿੱਖੀ ਕਾਰਵਾਈ ਕਰਨ ਦਾ ਸੱਦਾ ਦਿਤਾ ਹੈ। ਉਨ੍ਹਾਂ ਨੇ ਫ਼ੌਜੀ, ਰਾਜਦੂਤਕ, ਆਰਥਿਕ ਕਾਰਵਾਈ ਜਾਂ ਤਿੰਨੇ ਕਾਰਵਾਈਆਂ ਇਕੱਠੀਆਂ ਕਰਨ ਦਾ ਸੁਝਾਅ ਦਿਤਾ ਹੈ। ਪੁਲਵਾਮਾ ਅਤਿਵਾਦੀ ਹਮਲੇ ਦੇ ਸੰਦਰਭ ਵਿਚ ਤਿੱਖੀ ਪਹੁੰਚ ਅਪਣਾਉਣ ਦੀ ਵਕਾਲਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਰਵਾਈ ਕਰਨ ਸਬੰਧੀ ਫ਼ੈਸਲਾ ਕੇਂਦਰ ਨੇ ਕਰਨਾ ਹੈ ਪਰ ਇਹ ਸਪੱਸ਼ਟ ਹੈ ਕਿ ਕੁਝ ਕਦਮ ਜ਼ਰੂਰੀ ਤੌਰ 'ਤੇ ਚੁੱਕਣੇ ਚਾਹੀਦੇ ਹਨ।

ਕੁਝ ਟੀਵੀ ਚੈਨਲਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਕਾਰਵਾਈ ਚਾਹੁੰਦਾ ਹੈ। ਪੂਰੀ ਤਰ੍ਹਾਂ ਉਤੇਜਿਤ ਦਿਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਕੋਈ ਕਿਸੇ ਨੂੰ ਜੰਗ ਬਾਰੇ ਨਹੀਂ ਆਖ ਰਿਹਾ ਪਰ ਫੌਜੀਆਂ ਦੀਆਂ ਇਹ ਹੱਤਿਆਵਾਂ ਮਜ਼ਾਕ ਨਹੀਂ ਹਨ। ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਮੈਂ ਪੂਰੀ ਤਰ੍ਹਾਂ ਪ੍ਰੇਸ਼ਾਨ ਹਾਂ, ਸੱਮੁਚਾ ਦੇਸ਼ ਪ੍ਰੇਸ਼ਾਨ ਹੈ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜੰਗ ਲਈ ਨਹੀਂ ਆਖ ਰਹੇ ਪਰ ਉਹ ਲਾਜ਼ਮੀ ਤੌਰ 'ਤੇ ਪਾਕਿਸਤਾਨ ਵਿਰੁਧ ਜੈਸੇ ਕੋ ਤੈਸਾ ਦੀ ਨੀਤੀ ਅਪਣਾਏ ਜਾਣਾ ਚਾਹੁੰਦੇ ਹਨ।  

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਇਸ ਕਰਕੇ ਭਾਰਤ ਨੂੰ ਬੰਦੀ ਨਹੀ ਬਣਾ ਸਕਦੇ ਕਿ ਉਹ ਪ੍ਰਮਾਣੂ ਦੇਸ਼ ਹੈ। ਇਥੋਂ ਤੱਕ ਕਿ ਅਸੀਂ ਵੀ ਪ੍ਰਮਾਣੂ ਸ਼ਕਤੀ ਹਾਂ। ਇਥੋ ਤੱਕ ਕਿ ਕਾਰਗਿਲ ਦੇ ਸਮੇਂ ਵੀ ਪਾਕਿਸਤਾਨ ਪ੍ਰਮਾਣੂ ਸਮਰੱਥਾ ਵਾਲਾ ਦੇਸ਼ ਹੋਣ ਦੀ ਗੱਲ ਆਖਦੇ ਹੋਏ ਉਨ੍ਹਾਂ ਕਿਹਾ ਕਿ ਇਸ ਗੱਲ ਦੇ ਬਾਵਜੂਦ ਭਾਰਤੀ ਫ਼ੌਜ ਨੇ ਉਸ ਨੂੰ ਹਰਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਦਬਾਅ ਦੇ ਕਾਰਨ ਪਾਕਿਸਤਾਨ ਕਿਸੇ ਵੀ ਹਾਲਤ ਵਿਚ ਪ੍ਰਮਾਣੂ ਹਥਿਆਰਾਂ ਦੀ ਕਦੀ ਵਰਤੋਂ ਨਹੀਂ ਕਰ ਸਕਦਾ

ਕਿਉਂਕਿ ਅੰਤਰਰਾਸ਼ਟਰੀ ਦਬਾਅ ਉਸ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਉਨ੍ਹਾਂ ਸੁਝਾਅ ਦਿਤਾ ਕਿ ਨਵੀਂ ਦਿੱਲੀ ਨੂੰ ਪਾਕਿਸਤਾਨ ਦੀਆਂ ਅਜਿਹੀਆਂ ਗਿੱਦੜ ਭਭਕੀਆਂ ਵਿਰੁੱਧ ਡਟਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਕਿਹੜੀ ਕਾਰਵਾਈ ਕਰਨੀ ਹੈ, ਇਸ ਦਾ ਫੈਸਲਾ ਭਾਰਤੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਕਰਨਾ ਹੈ ਪਰ ਇਹ ਸਪਸ਼ਟ ਹੈ ਕਿ ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਭਾਵੁਕ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੱਲਬਾਤ ਦਾ ਸਮਾਂ ਹੁੰਦਾ ਹੈ ਪਰ ਹੁਣ ਗੱਲਬਾਤ ਦਾ ਸਮਾਂ ਨਹੀ ਹੈ।

ਇਸ ਵੇਲੇ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਲੋਕ ਭਾਰਤ ਸਰਕਾਰ ਵੱਲੋਂ ਕੁਝ ਸਖਤ ਕਦਮ ਚੁੱਕੇ ਜਾਣਾ ਚਾਹੁੰਦੇ ਹਨ। ਸਾਬਕਾ ਫੌਜੀ ਜਿਸਦਾ ਪਹਿਲਾ ਪਿਆਰ ਹੀ ਫੌਜ ਹੈ, ਨੇ ਐਲਾਨ ਕੀਤਾ ਕਿ ਜੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ ਸਾਡੇ ਫੌਜੀਆਂ ਨੂੰ ਮਾਰਣਗੇ ਤਾਂ ਸਾਨੂੰ ਕੁਝ ਕਰਨਾ ਪਵੇਗਾ। ਅੱਤਵਾਦੀਆਂ ਦੀਆਂ ਸੁਰੱਖਿਅਤ ਥਾਵਾਂ ਨੂੰ ਤਬਾਹ ਕਰਨ ਵਾਸਤੇ ਸਰਗਰਮ ਭੂਮਿਕਾ ਨਿਭਾਏ ਜਾਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਸੰਗਠਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ।

ਜੇ ਉਹ ਸਾਡੇ 41 ਫੌਜੀਆਂ ਨੂੰ ਮਾਰਣਗੇ ਤਾਂ ਸਾਨੂੰ 82 ਮਾਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਅੱਖ ਬਦਲੇ ਅੱਖ ਅਤੇ ਦੰਦ ਬਦਲੇ ਦੰਦ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਫੌਜ ਓਦੋਂ ਤੋਂ ਹੀ ਨਰਮ ਰੁੱਖ ਅਪਣਾਉਂਦੀ ਆ ਰਹੀ ਜਦੋ ਉਹ 50 ਸਾਲ ਪਹਿਲਾਂ ਫੌਜ ਭਰਤੀ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਵਿੱਚ ਨੌਜਵਾਨਾਂ 'ਤੇ ਗੋਲੀਆਂ ਦਾਗਣ ਦੀ ਥਾਂ ਜੈਸ਼-ਏ-ਮੁਹੰਮਦ ਦੇ ਪਿੱਛੇ ਪੈਣਾ ਚਾਹੀਦਾ ਹੈ। ਕਸ਼ਮੀਰੀਆਂ ਦੇ ਦਿੱਲ ਅਤੇ ਮਨ ਪਿਆਰ ਨਾਲ ਜਿੱਤਣ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਫੌਜ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀ ਨੌਜਵਾਨਾਂ ਨੂੰ ਆਪਣੇ ਦੁਸ਼ਮਣਾ ਵਜੋਂ ਨਾ ਦੇਖੇ। 

ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਹੋ ਚੁੱਕਾ ਹੈ ਅਤੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤੇ ਜਾਣ ਦੀ ਜ਼ਰੂਰਤ ਹੈ ਕਿ ਉਹ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਬੜ੍ਹਾਵਾ ਦੇਣਾ ਅਤੇ ਦਖਲਅੰਦਾਜੀ ਕਰਨਾ ਛੱਡੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸ਼ਕਤੀ ਫੌਜ ਦੇ ਹੱਥ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਫੌਜ ਵੱਲੋਂ ਮੁਕਰਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅੱਤਵਾਦ ਨਾਲ ਨਿਪਟਣ ਵਾਲੇ ਕਦਮ ਚੁਕਣੇ ਚਾਹੀਦੇ ਹਨ ਅਤੇ ਅਸੀ ਉਨ੍ਹਾਂ ਦਾ ਸਮਰੱਥਨ ਕਰਾਂਗੇ।

ਉਨ੍ਹਾਂ ਕਿਹਾ ਕਿ ਸਥਿਤੀ ਨਾਲ ਨਿਪਟਣ ਲਈ ਰਣਨੀਤੀ ਤਿਆਰ ਕਰਨ ਵਾਸਤੇ ਰਾਅ ਵਰਗੀਆਂ ਕੇਂਦਰੀ ਏਜੰਸੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪੁਲਵਾਮਾ ਵਿੱਚ ਖੂਫੀਆ ਏਜੰਸੀਆਂ ਦੇ ਨਕਾਮ ਰਹਿਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਆਈ.ਐਸ.ਆਈ. ਵੱਲੋਂ ਪੰਜਾਬ ਵਿੱਚ ਵੀ ਅਜਿਹੀ ਸ਼ਰਾਰਤ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਰਨ ਦਾ ਜ਼ਿਕਰ ਕੀਤਾ ਜਿੱਥੇ ਉਸ ਨੂੰ ਅਸਫਲਤਾ ਹਾਸਲ ਨਹੀਂ ਹੋਈ। ਉਨ੍ਹਾਂ ਨੇ ਅਜਿਹੇ ਲੋਕਾਂ ਨਾਲ ਨਿਪਟਣ ਲਈ ਸਪੱਸ਼ਟ ਨੀਤੀ ਦਾ ਸੱਦਾ ਦਿਤਾ।

ਉਨ੍ਹਾਂ ਕਿਹਾ, “ਮੈਂ ਠੋਕ ਵਜਾ ਕੇ ਇਹ ਸੰਦੇਸ਼ ਦਿਤਾ ਹੈ ਕਿ ਸਾਡੀ ਪੁਲਿਸ ਫੋਰਸ ਹੁਣ 80ਵੇਂ ਅਤੇ 90ਵੇਂ ਦੇ ਦਹਾਕੇ ਵਾਲੀ ਨਹੀਂ ਹੈ। ਪੰਜਾਬ ਪੁਲਿਸ ਅਗਨੀ ਪ੍ਰੀਖਿਆ 'ਚੋਂ ਗੁਜ਼ਰ ਚੁੱਕੀ ਹੈ ਅਤੇ ਇਨ੍ਹਾਂ ਦੇ ਮਨਸੂਬਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹੈ।” ਮੁੱਖ ਮੰਤਰੀ ਨੇ ਸੁਝਾਅ ਦਿਤਾ ਕਿ ਜੇਕਰ ਚੀਨ ਅਤੇ ਮੁਸਲਿਮ ਮੁਲਕ ਪਾਕਿਸਤਾਨ ਨੂੰ ਖੈਰਾਤ ਦੇਣੀ ਬੰਦ ਕਰ ਦੇਣ ਤਾਂ ਗੁਆਂਢੀ ਮੁਲਕ ਹੱਥਾਂ ਵਿਚ ਠੂਠਾ ਲੈ ਕੇ ਭਟਕੇਗਾ।

ਉਨ੍ਹਾਂ ਨੇ ਪਾਕਿਸਤਾਨ ਵਿਰੁਧ ਆਲਮੀ ਪੱਧਰ 'ਤੇ ਕੂਟਨੀਤਿਕ ਰੁਖ ਅਖਤਿਆਰ ਕਰਨ ਦਾ ਸੱਦਾ ਦਿੰਦਿਆਂ ਗੁਆਂਢੀ ਮੁਲਕ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਨੂੰ ਠੱਲ੍ਹਣ ਲਈ ਸਖ਼ਤ ਕਦਮ ਚੁੱਕਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਨਾਲ ਕੁਝ ਹਾਸਲ ਨਹੀਂ ਹੋਣਾ ਅਤੇ ਪਾਕਿਸਤਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਰਤੀ ਸੈਨਿਕਾਂ ਨੂੰ ਹਲਕੇ ਵਿਚ ਨਾ ਲਿਆ ਜਾਵੇ। ਪੁਲਵਾਮਾ ਹਮਲੇ ਦੇ ਮੱਦੇਨਜ਼ਰ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਮੁਲਕ ਦਾ ਹਿੱਸਾ ਹਨ

ਅਤੇ ਪੰਜਾਬ ਉਨ੍ਹਾਂ ਦੀ ਹਰ ਤਰ੍ਹਾਂ ਸੁਰੱਖਿਆ ਨੂੰ ਯਕੀਨੀ ਬਣਾਏਗਾ। ਫੌਜ ਵਿੱਚ ਏਕਤਾ ਦੀ ਮਾਣਮੱਤੀ ਮਿਸਾਲ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੋਰਸ ਵਿੱਚ ਹਰੇਕ ਇਕ ਪਰਿਵਾਰ ਹੁੰਦਾ ਹੈ ਅਤੇ ਅਸੀਂ ਧਰਮ ਤੋਂ ਨਹੀਂ ਆਪਣੇ ਯੂਨਿਟਾਂ ਤੋਂ ਪਛਾਣੇ ਜਾਂਦੇ ਹਾਂ। ਮੋਹਾਲੀ ਸਟੇਡੀਅਮ ਤੋਂ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀਆਂ ਤਸਵੀਰਾਂ ਹਟਾਉਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਵਾਕਫ਼ ਨਹੀਂ ਹਨ ਅਤੇ ਇਹ ਇਕ ਭਾਵੁਕ ਪ੍ਰਤੀਕ੍ਰਿਆ ਜਾਪਦੀ ਹੈ ਜੋ ਕਿਸੇ ਕਲਰਕ ਪੱਧਰ ਦੇ ਵਿਅਕਤੀ ਦੀ ਹੋ ਸਕਦੀ ਹੈ।

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਪੁਲਵਾਮਾ ਘਟਨਾ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਪਿੱਛੇ ਨਹੀਂ ਧੱਕੇਗੀ ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਦੀਆਂ ਖਾਹਿਸ਼ਾਂ ਹਕੀਕਤ ਵਿੱਚ ਬਦਲਣਗੀਆਂ ਅਤੇ ਉਨ੍ਹਾਂ ਦੇ ਦਾਦਾ ਜੀ ਇਸ ਨਾਲ ਬਹੁਤ ਨੇੜਿਓਂ ਜੁੜੇ ਹੋਏ ਸਨ ਜਿਨ੍ਹਾਂ ਨੇ ਸਾਲ 1920 ਤੋਂ ਬਾਅਦ ਇਸ ਦਾ ਨਿਰਮਾਣ ਕਰਵਾਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement