
ਕਾਂਗਰਸ ਨੇ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਨੂੰ ਵੀ ਚੋਣ ਮੈਨੀਫੈਸਟੋ ਹਿੱਸਾ ਬਣਾਇਆ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 13 ਨੁਕਾਤੀ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਆਗੂ ਸੁਨੀਲ ਜਾਖੜ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਚੰਡੀਗੜ੍ਹ ਵਿਚ ਕਾਂਗਰਸ ਦਾ ਮੈਨੀਫੈਸਟੋ ਜਾਰੀ ਕੀਤਾ। ਕਾਂਗਰਸ ਨੇ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਨੂੰ ਵੀ ਚੋਣ ਮੈਨੀਫੈਸਟੋ ਹਿੱਸਾ ਬਣਾਇਆ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਮੈਨੀਫੈਸਟੋ ਰਾਹੁਲ ਗਾਂਧੀ ਦੀ ਦੂਰਅੰਦੇਸ਼ੀ ਨੂੰ ਦਰਸਾਉਂਦਾ ਹੈ ਅਤੇ ਇਹ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੈ।
ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ
-ਪਹਿਲੇ ਦਿਨ 1 ਲੱਖ ਨੌਕਰੀਆਂ ਦੀ ਫਾਈਲ ’ਤੇ ਦਸਤਖ਼ਤ ਕੀਤੇ ਜਾਣਗੇ
-5 ਸਾਲ ਵਿਚ ਪੰਜ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ
-ਅਰਥਵਿਵਸਥਾ ਵਿਚ ਔਰਤਾਂ ਨੂੰ ਬਰਾਬਰ ਦਾ ਹਿੱਸੇਦਾਰ ਬਣਾਇਆ ਜਾਵੇਗਾ
- ਔਰਤਾਂ ਨੂੰ 1100 ਰੁਪਏ ਮਹੀਨਾ, ਸਾਲ ਦੇ 8 ਸਿਲੰਡਰ ਮੁਫ਼ਤ
-ਹਰ ਕੱਚਾ ਮਕਾਨ ਹੋਵੇਗਾ ਪੱਕਾ
-ਬੁਢਾਪਾ ਪੈਨਸ਼ਨ 3100 ਕੀਤੀ ਜਾਵੇਗੀ
-ਤੇਲ ਬੀਜ, ਮੱਕੀ ਅਤੇ ਦਾਲਾਂ ਦੀ MSP ’ਤੇ ਖਰੀਦ ਕਰਾਂਗੇ
-ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ
-ਐਸਸੀ-ਬੀਸੀ ਵਿਦਿਆਰਥੀਆਂ ਤੋਂ ਇਲਾਵਾ ਜਰਨਲ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵੀ ਵਜੀਫਾ ਸਕੀਮ ਲਾਗੂ ਕੀਤੀ ਜਾਵੇਗੀ
-ਸਰਕਾਰੀ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਮੁਫ਼ਤ ਕੀਤੀਆਂ ਜਾਣਗੀਆਂ
-5ਵੀਂ ਪਾਸ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ
-10ਵੀਂ ਪਾਸ ਵਿਦਿਆਰਥਣਾਂ ਨੂੰ 10 ਹਜ਼ਾਰ ਰੁਪਏ ਦਿੱਤੇ ਜਾਣਗੇ
-12ਵੀਂ ਪਾਸ ਵਿਦਿਆਰਥਣਾਂ ਨੂੰ 20 ਹਜ਼ਾਰ ਰੁਪਏ ਅਤੇ ਕੰਪਿਊਟਰ ਦਿੱਤੇ ਜਾਣਗੇ
-ਮਨਰੇਗਾ ਤਹਿਤ 150 ਦਿਨ ਦੇ ਰੁਜ਼ਗਾਰ ਦੀ ਗਰੰਟੀ
-ਮਨਰੇਗਾ ਦਿਹਾੜੀ ਵਧਾ ਕੇ 350 ਰੁਪਏ ਕੀਤੀ ਜਾਵੇਗੀ
-ਸ਼ਰਾਬ ਤੇ ਰੇਤ ਮਾਫੀਆ ਦਾ ਕਰਾਂਗੇ ਖਾਤਮਾ
-ਸ਼ਰਾਬ ਅਤੇ ਰੇਤ 'ਤੇ ਕਾਰਪੋਰੇਸ਼ਨ ਬਣਾਵਾਂਗੇ
-170 ਸੇਵਾਵਾਂ ਆਨਲਾਈਨ ਦਿੱਤੀਆਂ ਜਾਣਗੀਆਂ
-ਸਟਾਰਟਅਪ ਲਈ ਨਿਵੇਸ਼ ਫੰਡ 1 ਹਜ਼ਾਰ ਕਰੋੜ
- ਸਟਾਰਟਅਪਸ ਲਈ 2 ਲੱਖ ਦਾ ਵਿਆਜ ਮੁਕਤ ਕਰਜ਼ਾ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਵੇਂ ਪਾਰਟੀ ਨੇ ਮੇਰਾ ਨਾਂ ਅੱਗੇ ਰੱਖਿਆ ਹੈ ਪਰ ਇਸ ਵਿਚ ਸਾਰਿਆਂ ਦੀ ਭੂਮਿਕਾ ਹੋਵੇਗੀ। ਖਾਸ ਤੌਰ 'ਤੇ ਨਵਜੋਤ ਸਿੱਧੂ ਅਹਿਮ ਭੂਮਿਕਾ 'ਚ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਪਾਰਟੀ ਦੇ ਹਿਸਾਬ ਨਾਲ ਚੱਲੇਗੀ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਅਰਵਿੰਦ ਕੇਜਰੀਵਾਲ ਉੱਤੇ ਵੀ ਹਮਲਾ ਬੋਲਿਆ।
ਮੁੱਖ ਮੰਤਰੀ ਚੰਨੀ ਨੇ ਕਿਹਾ, ‘ਮੈਂ ਪੰਜਾਬ ਦੇ ਲੋਕਾਂ ਨੂੰ ਵਚਨ ਦਿੰਦਾ ਹਾਂ ਕਿ ਜੇਕਰ ਮੈਂ ਦੁਬਾਰਾ CM ਬਣਿਆ ਤਾਂ ਮੇਰੇ ਪਰਿਵਾਰ ਦੇ ਨਾਂਅ ਕੋਈ ਜਾਇਦਾਦ ਨਹੀਂ ਹੋਵੇਗੀ। ਇਮਾਨਦਾਰੀ ਦੀ ਚਾਦਰ ਰੱਖਾਂਗਾ ਤੇ ਪੰਜਾਬੀਆਂ ਦੀ ਚਾਦਰ ਨੂੰ ਦਾਗ ਨਹੀਂ ਲੱਗਣ ਦੇਵਾਂਗਾ। ਇਹੀ ਸਾਦਗੀ ਅਤੇ ਨਿਮਰਤਾ ਪੱਲੇ ਰੱਖਾਂਗਾ। ਪੰਜਾਬ ਦੇ ਲੋਕ ਮੇਰੇ ਲਈ ਮੇਰਾ ਰੱਬ ਹਨ। ਮੈਂ ਲੋਕਾਂ ਲਈ ਜੀਵਾਂਗਾ ਅਤੇ ਲੋਕਾਂ ਲਈ ਹੀ ਮਰਾਂਗਾ’।
ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਸਵਾਲ
ਅਰਵਿੰਦ ਕੇਜਰੀਵਾਲ ਦੇ ਭਗਤ ਸਿੰਘ ਦੇ ਚੇਲੇ ਵਾਲੇ ਬਿਆਨ ’ਤੇ ਸਵਾਲ ਕਰਦਿਆਂ ਸਿੱਧੂ ਨੇ ਪੁੱਛਿਆ, “ਤੁਸੀਂ ਕਿਧਰੋਂ ਭਗਤ ਸਿੰਘ ਦੇ ਚੇਲੇ ਹੋ ਗਏ? ਭਗਤ ਸਿੰਘ ਨੇ ਤਾਂ ਅੱਜ ਤੱਕ ਕੋਈ ਸਮਝੌਤਾ ਨਹੀਂ ਕੀਤਾ ਸੀ ਤੁਸੀਂ ਕਾਨੂੰਨੀ ਕੇਸ ਤੋਂ ਬਚਣ ਲਈ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ। ਭਗਤ ਸਿੰਘ ਨੇ ਕਿਸੇ ਤੋਂ ਕੁਝ ਨਹੀਂ ਮੰਗਿਆ, ਉਹ ਤਾਂ ਅੰਗਰੇਜ਼ਾਂ ਖ਼ਿਲਾਫ਼ ਲੜਦੇ ਹੋਏ ਜਾਨ ਵਾਰ ਕੇ ਚਲੇ ਗਏ। ਇਸ ਵਿਅਕਤੀ ਨੂੰ ਕੋਈ ਭਗਤ ਸਿੰਘ ਦਾ ਚੇਲਾ ਕਿਵੇਂ ਕਹਿ ਸਕਦਾ ਹੈ?”