
ਯੂਐਸ ’ਚ ਉਤਰੀ ਕੈਰੋਲੀਨਾ ਹਾਈਵੇਅ ’ਤੇ
ਲੈਕਸਿੰਗਟਨ/ਅਮਰੀਕਾ, 17 ਫ਼ਰਵਰੀ : ਅਮਰੀਕਾ ਵਿਚ ਉਤਰੀ ਕੈਰੋਲੀਨਾ ਦੇ ਹਾਈਵੇਅ ’ਤੇ ਬੁੱਧਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਟਰੈਕਟਰ-ਟ੍ਰੇਲਰ ’ਤੇ ਡਿੱਗ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਫ਼ੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ਼ਏਏ) ਨੇ ਦਸਿਆ ਕਿ 2 ਇੰਜਣਾਂ ਵਾਲਾ ਜਹਾਜ਼ ਬੀਚਕ੍ਰਾਫ਼ਟ ਬੈਰਨ ਸ਼ਾਮ 5:35 ਵਜੇ ਲੈਕਸਿੰਗਟਨ ਵਿਚ ਡੇਵਿਡਸਨ ਕਾਉਂਟੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਕੇ ਅੰਤਰਰਾਜੀ 85 ਦਖਣੀ ਹਾਈਵੇਅ ’ਤੇ ਇਕ ਟਰੈਕਟਰ ਟਰੇਲਰ ਨਾਲ ਟਕਰਾ ਗਿਆ। ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਹਾਜ਼ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ, ਉਦੋਂ ਇਹ ਹੇਠਾਂ ਡਿੱਗ ਗਿਆ ਅਤੇ ਟਰੈਕਟਰ-ਟ੍ਰੇਲਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ। ਉਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। ਐਫ਼ਏਏ ਨੇ ਕਿਹਾ ਕਿ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰੇਗਾ। ਅਖ਼ਬਾਰਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਟਰੈਕਟਰ ਟਰਾਲੇ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। (ਏਜੰਸੀ)