
Punjab News ਬੱਸ ਡਰਾਈਵਰ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
A school bus hit a student in Amritsar Punjabi tragic accident News : ਅੰਮ੍ਰਿਤਸਰ ਦੇ ਗੁਮਟਾਲਾ ਵਿਖੇ ਅੱਜ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇਕ ਨਿੱਜੀ ਸਕੂਲ ਦੀ ਬੱਸ ਨੇ ਸਕੂਲ ਦੇ ਹੀ ਵਿਦਿਆਰਥੀ ਨੂੰ ਬੱਸ 'ਚੋਂ ਉਤਾਰਨ ਲੱਗਿਆਂ ਬੱਸ ਥੱਲੇ ਦੇ ਦਿਤਾ, ਜਿਸ 'ਚ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ।
ਇਸ ਦੌਰਾਨ ਜ਼ਖ਼ਮੀ ਹੋਏ ਵਿਦਿਆਰਥੀ ਜੈਰਾਜ ਨੇ ਦਸਿਆ ਕਿ ਜਦੋਂ ਰੋਜ਼ ਦੀ ਤਰ੍ਹਾਂ ਸਕੂਲ ਬੱਸ 'ਚ ਆਪਣੇ ਘਰ ਆਇਆ ਤਾਂ ਅਜੇ ਬੱਸ ਤੋਂ ਉਤਰ ਹੀ ਰਿਹਾ ਸੀ ਕਿ ਡਰਾਈਵਰ ਨੇ ਬੱਸ ਚਲਾ ਦਿਤੀ, ਜਿਸ ਦੌਰਾਨ ਉਸ ਦੀਆਂ ਲੱਤਾਂ ਬੱਸ ਦੇ ਪਿਛਲੇ ਟਾਇਰਾਂ ਹੇਠ ਆ ਗਈਆਂ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਜ਼ਖ਼ਮੀ ਬੱਚੇ ਨੇ ਦਸਿਆ ਕਿ ਬੱਸ ਡਰਾਈਵਰ ਹਰ ਵਾਰ ਬਦਲ ਜਾਂਦਾ ਹੈ ਅਤੇ ਹਰ ਵਾਰ ਬੱਸ ਡਰਾਈਵਰ ਜਲਦੀ 'ਚ ਹੁੰਦਾ ਹੈ ਜਿਸ ਨਾਲ ਇਹ ਹਾਦਸਾ ਹੋਇਆ ਹੈ।
ਇਸ ਦੇ ਨਾਲ ਹੀ ਬੱਚੇ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਪਹਿਲਾਂ ਵੀ ਸਕੂਲ ਬੱਸ ਡਰਾਈਵਰ ਦੀ ਵੱਡੀਆਂ ਨਲਾਇਕੀਆਂ ਸਾਹਮਣੇ ਆਈਆਂ ਸਨ ਤੇ ਹੁਣ ਅੱਜ ਇਹ ਹਾਦਸਾ ਵਾਪਰਨ ਕਾਰਨ ਬੱਚਾ ਜ਼ਖ਼ਮੀ ਹਸਪਤਾਲ ਦਾਖ਼ਲ ਹੈ। ਇਸ ਤਰ੍ਹਾਂ ਸਾਡੇ ਬੱਚੇ ਦਾ ਆਉਣ ਵਾਲਾ ਭਵਿੱਖ ਵੀ ਖ਼ਰਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਸ ਡਰਾਈਵਰ ਅਤੇ ਬੱਸ ਹੈਲਪਰ ਦਾ ਫ਼ਰਜ਼ ਬਣਦਾ ਸੀ ਕਿ ਬੱਚੇ ਨੂੰ ਉਸ ਦੇ ਘਰ ਤਕ ਛੱਡਿਆ ਜਾਵੇ ਪਰ ਇਹ ਜਲਦਬਾਜ਼ੀ ਵਿਚ ਬੱਚੇ ਨੂੰ ਦੂਰ ਉਤਾਰ ਕੇ ਚਲੇ ਜਾਂਦੇ ਸੀ। ਉਨ੍ਹਾਂ ਕਿਹਾ ਕਿ ਅਜਿਹੇ ਬੱਸ ਡਰਾਈਵਰ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਚੌਂਕੀ ਗੁਮਟਾਲਾ ਦੇ ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਦਸਿਆ ਕਿ ਬੱਚੇ ਦੇ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਸਕੂਲ ਪ੍ਰਬੰਧਕਾਂ ਨਾਲ ਗੱਲ ਚੱਲ ਰਹੀ ਹੈ ਅਤੇ ਫਿਰ ਵੀ ਜੇ ਸਾਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ।