
Mohali News: ਮੁਲਜ਼ਮਾਂ ਦੀ ਪਛਾਣ ਗੁਰਜਿੰਦਰ ਅੰਟਾਲ ਅਤੇ ਮੁਕੁਲ ਵਾਸੀ ਅੰਬਾਲਾ ਛਾਉਣੀ ਵਜੋਂ ਹੋਈ ਹੈ।
ਅਮਰੀਕਾ ਤੋਂ ਕੱਢੇ ਗਏ ਮੋਹਾਲੀ ਦੇ ਨੌਜਵਾਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਹਰਿਆਣਾ ਦੇ ਅੰਬਾਲਾ ਦੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਜਿੰਦਰ ਅਤੇ ਮੁਕੁਲ ਵਾਸੀ ਅੰਬਾਲਾ ਛਾਉਣੀ ਵਜੋਂ ਹੋਈ ਹੈ। ਦੋਵਾਂ ਏਜੰਟਾਂ ਨੇ ਨੌਜਵਾਨ ਨੂੰ 45 ਲੱਖ ਰੁਪਏ ਲੈ ਕੇ ਅਮਰੀਕਾ ਭੇਜਿਆ ਸੀ। ਪੀੜਤ ਦਾ ਦੋਸ਼ ਹੈ ਕਿ ਜਦੋਂ ਉਹ ਚਾਰ ਮਹੀਨੇ ਰਸਤੇ ਵਿੱਚ ਫਸਿਆ ਰਿਹਾ ਤਾਂ ਉਸ ਨੇ ਏਜੰਟਾਂ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਕੀਤੀ।
ਇਸ ’ਤੇ ਏਜੰਟਾਂ ਨੇ ਆਡੀਓ ਸੁਨੇਹਾ ਭੇਜ ਕੇ ਕਿਹਾ ਕਿ ਹੁਣ ਤਾਂ ਜਾਣਾ ਹੀ ਪਵੇਗਾ, ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁਲਜ਼ਮ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਰਕਮ ਲੈ ਗਏ ਸਨ। ਉਸ ਨੇ ਇਸ ਸਬੰਧੀ ਸਾਰੇ ਸਬੂਤ ਪੁਲਿਸ ਨੂੰ ਸੌਂਪ ਦਿੱਤੇ ਹਨ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 143, 316 (2), 318 (4) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਤਰਨਵੀਰ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਹੁਣ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਰਨਵੀਰ ਨੇ ਦੱਸਿਆ ਹੈ ਕਿ ਦੋਵੇਂ ਮੁਲਜ਼ਮ ਗੁਰਜਿੰਦਰ ਅੰਟਾਲ ਅਤੇ ਮੁਕੁਲ ਕਾਰੋਬਾਰੀ ਹਿੱਸੇਦਾਰ ਹਨ। ਉਹ ਆਪਣੇ ਦੋਸਤ ਗੁਰਸ਼ਰਨ ਸਿੰਘ ਵਾਸੀ ਬੂਥਗੜ੍ਹ ਰਾਹੀਂ ਮੁਲਜ਼ਮਾਂ ਨੂੰ ਮਿਲਿਆ। ਮੁਲਜ਼ਮ ਗੁਰਜਿੰਦਰ ਮੇਰੇ ਦੋਸਤ ਦਾ ਦੂਰ ਦਾ ਰਿਸ਼ਤੇਦਾਰ ਹੈ।
10 ਜੁਲਾਈ 2024 ਨੂੰ ਉਸ ਨੇ ਦੋਵਾਂ ਮੁਲਜ਼ਮਾਂ ਨੂੰ ਆਪਣਾ ਪਾਸਪੋਰਟ ਦਿੱਤਾ। ਏਜੰਟਾਂ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ ਫ਼ਲਾਈਟ ਰਾਹੀਂ ਅਮਰੀਕਾ ਭੇਜਣਗੇ। ਇੰਨਾ ਹੀ ਨਹੀਂ ਅਸੀਂ ਉਸ ਦੇ ਉੱਥੇ ਕੰਮ ਕਰਨ ਦਾ ਵੀ ਇੰਤਜ਼ਾਮ ਕਰਾਂਗੇ। ਉਸ ਦੇ ਉੱਥੇ ਚੰਗੇ ਸਬੰਧ ਹਨ। ਇਸ ਦੇ ਲਈ ਉਸ ਨੂੰ 45 ਲੱਖ ਰੁਪਏ ਦੇਣੇ ਹੋਣਗੇ ਪਰ ਨੌਜਵਾਨ ਨੂੰ ਡੌਂਕੀ ਰਾਹੀਂ ਵਿਦੇਸ਼ ਭੇਜਿਆ ਗਿਆ ਜਿਥੇ ਹੁਣ ਅਮਰੀਕਾ ਨੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਹੁਣ ਤੱਕ 11 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।