
ਕਾਂਗਰਸ ਲਈ ਲਾਹੇਵੰਦੀ ਸਾਬਤ ਹੋ ਸਕਦੀ ਹੈ ਕੈਪਟਨ-ਸਿੱਧੂ ਦੀ ਵਿਰੋਧਾਭਾਸ ਵਾਲੀ ਰਾਜਨੀਤੀ!
ਚੰਡੀਗੜ੍ਹ : ਪੰਜਾਬ ਦੀ ਪਲ-ਪਲ ਬਦਲ ਰਹੀ ਸਿਆਸੀ ਫ਼ਿਜਾ ਨੇ ਕਾਂਗਰਸ ਦੇ ਦਿਗਜ਼ ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਾਰਾਜ਼ ਚੱਲ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਪਰਾਂ ਨੂੰ ਪਰਵਾਜ਼ ਦੇਣੀ ਸ਼ੁਰੂ ਕਰ ਦਿਤੀ ਹੈ। ਕੁੱਝ ਦਿਨ ਪਹਿਲਾਂ ਤਕ ਵਿਰੋਧੀਆਂ ਦੇ ਤਿੱਖੇ ਵਾਰਾਂ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਤਿੰਨ ਸਾਲ ਪੂਰੇ ਹੁੰਦਿਆਂ ਹੀ ਅਪਣੀ ਸਿਆਸੀ ਗੱਡੀ ਨੂੰ ਟਾਪ ਗੇਅਰ ਪਾ ਲਿਆ ਹੈ। ਉਥੇ ਹੀ ਪਿਛਲੇ ਕਾਫ਼ੀ ਅਰਸੇ ਤੋਂ ਸਿਆਸੀ ਚੁਪੀ ਅਧੀਨ ਵਿਚਰ ਰਹੇ ਨਵਜੋਤ ਸਿੰਘ ਸਿੱਧੂ ਨੇ ਅਪਣੇ ਯੂਟਿਊਬ ਚੈਨਲ 'ਤੇ ਸਿਆਸੀ ਚੌਕੇ-ਛੱਕੇ ਮਾਰਨ ਦੀ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿਤੀ ਹੈ।
file photo
ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਪਿਛਲੀਆਂ ਚੋਣਾਂ ਦੌਰਾਨ ਖੁਦ ਦੇ ਆਖ਼ਰੀ ਪਾਰੀ ਹੋਣ ਦਾ ਹਵਾਲਾ ਦਿੰਦਿਆਂ ਵੋਟਾਂ ਮੰਗੀਆਂ ਸਨ। ਪਰ ਹੁਣ ਪੰਜਾਬ ਦੀ ਬਦਲੀ ਸਿਆਸੀ ਫ਼ਿਜਾ ਤੋਂ ਉਹ ਕਾਫ਼ੀ ਉਤਸ਼ਾਹਤ ਹਨ। ਭਾਵੇਂ ਵਿਰੋਧੀ ਸਰਕਾਰ ਦੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ ਨੂੰ ਤੁਛ ਸਾਬਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ ਪਰ ਸਰਕਾਰ ਵਲੋਂ ਬੇਰੁਜ਼ਗਾਰ ਲਈ ਨੌਕਰੀਆਂ ਅਤੇ ਹੋਰ ਕੰਮਾਂ ਸਬੰਧੀ ਜਾਰੀ ਕੀਤੇ ਜਾ ਰਹੇ ਅੰਕੜੇ ਸਰਕਾਰ ਦੇ ਇਰਾਦਿਆਂ ਨੂੰ ਸਪੱਸ਼ਟਤਾ ਦਿੰਦੇ ਵਿਖਾਈ ਦਿੰਦੇ ਹਨ।
Photo
ਅਜੇ ਸਰਕਾਰ ਕੋਲ ਲਗਭਗ 2 ਸਾਲ ਦਾ ਅਰਸਾ ਬਾਕੀ ਹੈ। ਜੇਕਰ ਸਰਕਾਰ ਨੇ ਅਪਣੇ ਇਰਾਦਿਆਂ ਨੂੰ ਅਮਲੀ ਜਾਮਾ ਪਹਿਨਾਉਣਾ ਜਾਰੀ ਰੱਖਿਆ ਤਾਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ਸਰਕਾਰ ਦੀ ਕਹਿਣੀ ਤੇ ਕਥਨੀ ਵਿਚਲਾ ਫ਼ਰਕ ਪੂਰੀ ਤਰ੍ਹਾਂ ਸਾਹਮਣੇ ਆ ਜਾਵੇਗਾ। ਇਸ ਤੋਂ ਬਾਅਦ ਪੰਜਾਬ ਅੰਦਰ ਪਾਰਟੀ ਦੇ ਸਿਆਸੀ ਭਵਿੱਖ ਬਾਰੇ ਰਾਏ ਬਣਾਉਣੀ ਵੀ ਅਸਾਨ ਹੋ ਜਾਵੇਗੀ। ਦੋਵਾਂ ਆਗੂਆਂ ਦੀਆਂ ਸਰਗਰਮੀਆਂ ਇਸ ਲਈ ਵੀ ਅਹਿਮ ਹਨ, ਕਿਉਂਕਿ ਦੋਵੇਂ ਆਗੂ ਇਸ ਵੇਲੇ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਚਰ ਰਹੇ ਹਨ। ਭਾਵੇਂ ਨਵਜੋਤ ਸਿੰਘ ਸਿੱਧੂ ਦੇ ਤੇਵਰ ਸਮੁੱਚੇ ਸਿਸਟਮ ਦੇ ਖਿਲਾਫ਼ ਜਾਪਦੇ ਹਨ, ਪਰ ਸਿਆਸੀ ਪੰਡਤ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਹਾਈ ਕਮਾਨ ਦੇ ਥਾਪੜੇ ਤੋਂ ਬਗੈਰ ਮੰਨਣ ਨੂੰ ਤਿਆਰ ਨਹੀਂ ਹਨ।
Photo
ਪੰਜਾਬ ਅੰਦਰਲੇ ਬਾਕੀ ਸਿਆਸੀ ਦਲ ਹਾਲ ਦੀ ਘੜੀ ਅਪਣੀ ਸਿਆਸੀ ਵੁਕਤ ਦਾ ਅਹਿਸਾਸ ਕਰਵਾਉਣ ਤੋਂ ਫ਼ਾਡੀ ਹਨ। ਪਿਛਲੇ ਦਿਨਾਂ ਦੌਰਾਨ ਦਿੱਲੀ ਚੋਣ ਨਤੀਜਿਆਂ ਤੋਂ ਉਤਸ਼ਾਹਤ ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਵਰਗੇ ਮੁੱਦਿਆਂ ਨੂੰ ਲੈ ਕੇ ਸਰਗਰਮੀਆਂ ਵਧਾਉਣੀਆਂ ਸ਼ੁਰੂ ਕੀਤੀਆਂ ਸਨ ਪਰ ਹੁਣ ਉਸ ਦੇ ਸਿਆਸੀ ਰਾਹ ਵੀ ਸੌਖੇ ਹੁੰਦੇ ਵਿਖਾਈ ਨਹੀਂ ਦਿੰਦੇ। ਇਹੀ ਹਾਲ ਸ਼੍ਰੋਮਣੀ ਅਕਾਲੀ ਦਲ ਦਾ ਹੈ। ਇਨ੍ਹਾਂ ਦੋਵਾਂ ਪਾਰਟੀਆਂ ਨੂੰ ਅੰਦਰੂਨੀ ਕਾਟੋ-ਕਲੇਸ਼ ਪ੍ਰੇਸ਼ਾਨ ਕਰ ਰਿਹਾ ਹੈ। ਉਪਰੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਬਰਕਾਂ ਲਾ ਦਿਤੀਆਂ ਹਨ।
Photo
ਦੋਵਾਂ ਪਾਰਟੀਆਂ ਅੰਦਰੋਂ ਕਿਨਾਰਾ ਕਰ ਚੁੱਕੇ ਦਿਗਜ਼ ਆਗੂਆਂ ਦੀਆਂ ਸਰਗਰਮੀਆਂ ਵੀ ਇਨ੍ਹਾਂ ਦੇ ਰਾਹਾਂ 'ਚ ਵੱਡੇ ਰੋੜੇ ਅਟਕਾ ਰਹੀਆਂ ਹਨ। ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀਆਂ ਦੀ ਕਮਜ਼ੋਰੀ ਅਤੇ ਅਪਣੀ ਸਰਕਾਰ ਦੇ ਤਿੰਨ ਸਾਲਾਂ ਅੰਦਰ ਕੀਤੇ ਕੰਮਾਂ ਦੇ ਬਲਬੂਤੇ ਦੁਬਾਰਾ ਸੱਤਾ 'ਚ ਆਉਣਾ ਯਕੀਨੀ ਲੱਗ ਰਿਹਾ ਹੈ। ਇਸ ਸਬੰਧੀ ਉਹ ਬੀਤੇ ਦਿਨੀਂ ਸਪੱਸ਼ਟ ਸੰਕੇਤ ਵੀ ਦੇ ਚੁਕੇ ਹਨ। ਕੈਪਟਨ ਦਾ ਮੰਨਣਾ ਹੈ ਕਿ 2017 ਵਿਚ ਹਵਾਂ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੱਖ ਵਿਚ ਸੀ, ਪਰ ਉਹ ਉਸ ਸਮੇਂ ਵੀ ਕੋਈ ਵੱਡਾ ਕ੍ਰਿਸ਼ਮਾ ਨਹੀਂ ਵਿਖਾ ਸਕੀ ਸੀ ਤੇ ਹੁਣ ਜਦੋਂ 'ਆਪ' ਦਾ ਪੰਜਾਬ ਅੰਦਰ ਝਾੜੂ ਤੀਲਾ-ਤੀਲਾ ਹੋਇਆ ਪਿਆ ਹੈ, ਉਸ ਨੂੰ ਬਹੁਤੀ ਅਹਿਮੀਅਤ ਦੇਣ ਦੀ ਲੋੜ ਨਹੀਂ।
Photo
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਲੀਡਰ-ਵਿਹੂਣਾ ਹੋਇਆ ਪਿਐ, ਕਿਉਂਕਿ ਬਾਦਲਾਂ ਨੇ ਬਾਕੀ ਲੀਡਰਸ਼ਿਪ ਨੂੰ ਸਿਰ ਉਠਾਉਣ ਦਾ ਬਹੁਤਾ ਮੌਕਾ ਹੀ ਨਹੀਂ ਦਿਤਾ। ਭਾਵੇਂ ਸਿਆਸੀ ਪੰਡਤ ਕੈਪਟਨ ਅਮਰਿੰਦਰ ਸਿੰਘ ਨੂੰ ਦੂਜਿਆਂ ਦੇ ਘਰਾਂ 'ਚ ਬਲਦੀ ਤੋਂ ਹੱਥ ਸੇਕਣ ਤੋਂ ਸੁਚੇਤ ਵੀ ਕਰ ਰਹੇ ਹਨ। ਕਿਉਂਕਿ ਕਾਂਗਰਸ ਦੀ ਪੰਜਾਬ ਇਕਾਈ ਅੰਦਰਲੇ ਹਾਲਾਤ ਵੀ ਕੋਈ ਬਹੁਤੇ ਸਾਰਗਰ ਨਹੀਂ। ਪਾਰਟੀ ਅੰਦਰ ਨਾਰਾਜ਼ ਆਗੂਆਂ ਦੀ ਕੋਈ ਕਮੀ ਨਹੀਂ ਜੋ ਵਾਰ-ਵਾਰ ਸਰਕਾਰ ਅਤੇ ਪਾਰਟੀ ਨੂੰ ਅਪਣੀ ਹੋਂਦ ਦਾ ਅਹਿਸਾਸ ਕਰਵਾਉਂਦੇ ਆ ਰਹੇ ਹਨ।