
ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਪੀੜਤਾਂ ਨੂੰ ਵਖਰੇ ਰੱਖਣ ਲਈ ਪ੍ਰਮੇਸ਼ਰ ਦੁਆਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ...
ਸੰਗਰੂਰ: ਗੁਰਦਵਾਰਾ ਪ੍ਰਮੇਸ਼ਰ ਦੁਆਰ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਇਕ ਵੀਡੀਉ ਜਾਰੀ ਕਰਦਿਆਂ ਦੁਨੀਆਂ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨਾਲ ਵੱਡੀ ਗਿਣਤੀ ਵਿਚ ਵੱਖ-ਵੱਖ ਦੇਸ਼ਾਂ ਵਿਚ ਲੋਕ ਮੌਤ ਦਾ ਸ਼ਿਕਾਰ ਹੋ ਰਹੇ ਹਨ, ਪ੍ਰੰਤੂ ਸਾਡੇ ਧਾਰਮਕ ਸਥਾਨਾਂ ਤੇ ਅਰਬਾਂ ਰੁਪਏ ਚੜ੍ਹਾਵਾ ਲਿਆ ਜਾਂਦਾ ਹੈ।
Ranjit Singh Dhadrian Wale
ਇਹ ਕਿਹਾ ਜਾਂਦਾ ਹੈ ਕਿ ਦਾਨ ਕਰਨ ਨਾਲ 10 ਗੁਣਾ ਇਥੇ ਅਤੇ 70 ਗੁਣਾ ਅੱਗੇ ਮਿਲਦਾ ਹੈ। ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਮਨੁੱਖ ਅਪਣੀਆਂ ਜ਼ਮੀਨਾਂ, ਕੋਠੀਆਂ ਅਤੇ ਰੁਪਈਆ, ਗਹਿਣੇ ਦਾਨ ਕਰਨ ਲਗਿਆਂ ਇਕ ਵਾਰ ਵੀ ਨਹੀਂ ਸੋਚਦਾ ਫਿਰ ਇਹ ਬੀਮਾਰੀ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਕਿਉਂ ਸੁਟਿਆ ਜਾ ਰਿਹਾ ਹੈ? ਇੰਨਾ ਦਾਨ ਪੁੰਨ ਕਰਨ ਦੇ ਬਾਵਜੂਦ ਵੀ ਮਨੁੱਖ ਕਦੋਂ ਮੌਤ ਦਾ ਸ਼ਿਕਾਰ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ।
Ranjit Singh Dhadrian Wale
ਅੱਜ ਲੋੜ ਪੈਣ 'ਤੇ ਗਿਆਨ ਵਿਚੋਂ ਨਿਕਲਿਆ ਵਿਗਿਆਨ ਹੀ ਕੰਮ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਮੋਟਾ ਪੈਸਾ ਚੜ੍ਹਾਵੇ ਵਿਚ ਲਿਆ ਹੈ ਅੱਜ ਉਹ ਲੋਕਾਂ ਨੂੰ ਧਾਰਮਕ ਸਥਾਨਾਂ 'ਤੇ ਨਾ ਆਉਣ ਲਈ ਕਹਿ ਰਹੇ ਹਨ। ਉਨ੍ਹਾਂ ਆਖਿਆ ਕਿ ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਦੁਨੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਝੂਠੇ ਦਾਅਵੇ ਕਰਨ ਵਾਲਿਆਂ ਦੇ ਹਮੇਸ਼ਾ ਵਿਰੁਧ ਰਹੇ ਹਨ।
Ranjit Singh Dhadrian Wale
ਭਾਈ ਰਣਜੀਤ ਸਿੰਘ ਨੇ ਦਸਿਆ ਕਿ ਜਿਹੜੇ ਧਾਰਮਕ ਸਥਾਨਾਂ ਤੇ ਦੁੱਖ ਕੱਟਣ ਦੀਆਂ ਗੱਲਾਂ ਹੁੰਦੀਆਂ ਸਨ ਅੱਜ ਉਥੇ ਲਿਖ ਕੇ ਪਰਚੇ ਲਗਾਏ ਹੋਏ ਹਨ ਕਿ ਇਥੇ ਹੱਥ ਨਹੀਂ ਲਗਾਉਣਾ, ਉਥੇ ਹੱਥ ਨਹੀਂ ਲਗਾਉਣਾ ਕਿਉਂਕਿ ਤੁਹਾਡੀ ਬੀਮਾਰੀ ਕਿਤੇ ਸਾਡੇ 'ਤੇ ਹੀ ਨਾ ਲੱਗ ਜਾਵੇ। ਜਿਹੜੇ ਧਾਰਮਕ ਸਥਾਨਾਂ 'ਤੇ ਕਿਸੇ ਸਮੇਂ ਬੀਮਾਰੀਆਂ ਦੂਰ ਕਰਨ ਦੀਆਂ ਗੱਲਾਂ ਹੁੰਦੀਆਂ ਸਨ ਅੱਜ ਉਨ੍ਹਾਂ ਨੂੰ ਖ਼ੁਦ ਬੀਮਾਰੀਆਂ ਲੱਗਣ ਦਾ ਡਰ ਸਤਾ ਰਿਹਾ ਹੈ।
Ranjit Singh Dhadrian Wale
ਉਨ੍ਹਾਂ ਦਸਿਆ ਕਿ ਜਿਹੜੇ ਧਾਰਮਕ ਸਥਾਨ ਤੁਹਾਡੇ ਕਿਸੇ ਦਿਨ ਦੁੱਖ ਤੋੜਦੇ ਸਨ ਅੱਜ ਜੇਕਰ ਤੁਸੀਂ ਉਨ੍ਹਾਂ ਕੋਲ ਜਾਣ ਦੀ ਗੱਲ ਕਰੋਗੇ ਤਾਂ ਉਹ ਤੁਹਾਨੂੰ ਅੰਦਰ ਦਾਖ਼ਲ ਹੋਣ ਤੋਂ ਵੀ ਰੋਕਣਗੇ। ਉਨ੍ਹਾਂ ਕਿਹਾ ਕਿ ਜਿਹੜੇ ਜੋਤਸ਼ੀ ਦਸਦੇ ਸਨ ਕਿ ਆਉਣ ਵਾਲਾ ਸਮਾਂ ਕਿਹੋ ਜਿਹੇ ਆਵੇਗਾ ਉਨ੍ਹਾਂ ਇਕ ਦੋ ਮਹੀਨੇ ਪਹਿਲਾਂ ਇਹ ਕਿਉਂ ਨਹੀਂ ਦਸਿਆ ਕਿ ਕੋਰੋਨਾ ਵਾਇਰਸ ਆ ਰਿਹਾ ਹੈ? ਇਸ ਬੀਮਾਰੀ ਨਾਲ ਲੱਖਾਂ ਲੋਕ ਪੀੜਤ ਹਨ ਪ੍ਰੰਤੂ ਜੋਤਸ਼ੀਆਂ ਦੇ ਸੱਭ ਦਾਅਵੇ ਝੂਠੇ ਨਿਕਲੇ ਹਨ।
Ranjit Singh Dhadrian Wale
ਭਾਈ ਸਾਹਿਬ ਨੇ ਅਖ਼ੀਰ ਵਿਚ ਆਖਿਆ ਕਿ ਜੇਕਰ ਅੱਜ ਆਮ ਮਨੁੱਖ ਨੇ ਮੂੰਹ ਢਕਿਆ ਹੈ ਤਾਂ ਬਾਬਿਆਂ ਨੇ ਵੀ ਢਕਿਆ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਸਿਹਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਬੀਮਾਰੀ ਵਧਣ ਦੀ ਸੰਭਾਵਨਾ ਹੈ ਤਾਂ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ 100 ਬੈੱਡ ਵਾਲਾ ਹਾਲ ਤਿਆਰ ਹੈ।
ਗੁਰਦੁਆਰਾ ਸਾਹਿਬ ਵਲੋਂ ਰਹਿਣ, ਸਹਿਣ ਅਤੇ ਖਾਣ ਲਈ ਪੂਰਾ ਪ੍ਰਬੰਧ ਕੀਤਾ ਜਾਵੇਗਾ। ਹੋਰ ਵੀ ਹਰ ਤਰ੍ਹਾਂ ਦੀ ਮਦਦ ਲਈ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੀਆਂ ਸੰਗਤਾਂ ਤਿਆਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।