
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਸਿਹਤ ਅਚਾਨਕ ਵਿਗੜੀ, ਹਸਪਤਾਲ ਦਾਖ਼ਲ
ਕਿਸਾਨੀ ਘੋਲ ਜਿੱਤ ਤਕ ਜਾਰੀ ਰੱਖਣ ਦਾ ਕੀਤਾ ਅਹਿਦ
ਸੁਨਾਮ ਊਧਮ ਸਿੰਘ ਵਾਲਾ, 17 ਮਾਰਚ (ਦਰਸਨ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਚਾਨਕ ਵਿਗੜੀ ਸਿਹਤ ਤੋਂ ਬਾਅਦ ਇਲਾਜ ਲਈ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਦੇ ਦਸਣ ਮੁਤਾਬਕ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਖੰਘ ਦੀ ਸ਼ਿਕਾਇਤ ਹੋਣ ਕਾਰਨ ਛਾਤੀ ਦਾ ਐਕਸਰੇ ਕਰਵਾਇਆ ਗਿਆ ਹੈ। ਐਕਸਰੇ ਵਿਚ ਛਾਤੀ ਦੀ ਇਨਫ਼ੈਕਸਨ ਹੋਣ ਦੀ ਪੁਸ਼ਟੀ ਹੋਈ ਹੈ। ਡਾਕਟਰਾ ਨੇ ਦਸਿਆ ਕਿ ਮਰੀਜ਼ ਦਾ ਸੀਟੀ ਸਕੈਨ ਕਰਵਾਉਣ ਉਪਰੰਤ ਜੇ ਲੋੜ ਪਈ ਤਾਂ ਕੋਵਿਡ-19 ਦਾ ਟੈਸਟ ਕਰਵਾਇਆ ਜਾਵੇਗਾ।
ਦਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਕਿਸਾਨੀ ਘੋਲ ਦੇ ਮੱਦੇਨਜ਼ਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਉਪਰ ਲਾਏ ਮੋਰਚੇ ਵਿਚ ਲਗਾਤਾਰ ਸ਼ਾਮਲ ਹੋ ਰਹੇ ਹਨ। ਸੁਨਾਮ ਵਿਖੇ ਹਸਪਤਾਲ ਵਿਚ ਜ਼ੇਰੇ ਇਲਾਜ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁਧ ਵਿਢਿਆ ਘੋਲ ਸੰਘਰਸ਼ ਦੀ ਜਿੱਤ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਚ ਵਿਗਾੜ ਅਕਸਰ ਹੋਣ ਵਾਲਾ ਵਰਤਾਰਾ ਹੈ ਅਜਿਹੇ ਵਿਚ ਘਬਰਾਉਣ ਦੀ ਬਹੁਤੀ ਲੋੜ ਨਹੀਂ ਹੈ।