
ਡਾ. ਦਲਜੀਤ ਸਿੰਘ ਚੀਮਾ ਵੱਲੋਂ ਫਰਾਡ ਕਹੇ ਜਾਣ ’ਤੇ ਬਾਗੀ ਅਕਾਲੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਤਿੱਖਾ ਪ੍ਰਤੀਕਰਮ ਦਿਤਾ ਹੈ।
Panthak News: ਅਕਾਲ ਤਖ਼ਤ ਵੱਲੋ 2ਦਸੰਬਰ ਦੇ ਫ਼ੈਸਲਿਆਂ ਸਮੇ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਨੂੰ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਫਰਾਡ ਕਹੇ ਜਾਣ ’ਤੇ ਬਾਗੀ ਅਕਾਲੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਤਿੱਖਾ ਪ੍ਰਤੀਕਰਮ ਦਿਤਾ ਹੈ।
ਉਨ੍ਹਾਂ ਚੀਮਾ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਤੁਸੀਂ ਵਾਰ ਵਾਰ ਹੁਕਮਨਾਮਾ ਸਾਹਿਬ ਦੀਆਂ ਧੱਜੀਆਂ ਉਡਾ ਰਹੇ ਹੋ ਅਤੇ ਹੁਕਮਨਾਮੇ ਦਾ ਚੀਰ ਹਰਨ ਕੀਤਾ ਅਤੇ ਚੀਮਾ ਸਮੇਤ ਨਕਾਰੀ ਜਾ ਚੁੱਕੀ ਲੀਡਰਸ਼ਿਪ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ’ਤੇ ਥੋਪਣ ਲਈ ਕੋਸ਼ਿਸ਼ ਕਰ ਰਹੇ ਹੋ। ਵੋਟਰਾਂ ਅਤੇ ਅਕਾਲੀ ਵਰਕਰਾਂ ਨੂੰ ਗਾਹਕ ਕਹਿਣ ’ਤੇ ਬਰਾੜ ਨੇ ਆਪਣੇ ਜਵਾਬ ਵਿਚ ਕਿਹਾ ਕਿ ਵਰਕਰ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਦਿੱਤਾ ਹੈ ਤੇ ਤੁਸੀਂ ਇਸ ’ਤੇ ਮੋਹਰ ਅੱਜ ਵਰਕਰਾਂ ਅਤੇ ਵੋਟਰਾਂ ਨੂੰ ਗਾਹਕ ਕਹਿ ਕੇ ਲਗਾ ਦਿੱਤੀ ਹੈ।
ਬਰਾੜ ਨੇ ਚੀਮਾ ਨੂੰ ਕਿਹਾ ਕਿ ਅਕਾਲ ਤਖ਼ਤ ਵੱਲੋਂ ਬਣਾਈ ਭਰਤੀ ਕਮੇਟੀ ਅਤੇ ਭਰਤੀ ਕਮੇਟੀ ਲਈ ਜਾਰੀ ਹੁਕਮਨਾਮਾ ਸਾਹਿਬ ਨੂੰ ਫਰਾਡ ਕਹਿਣ ’ਤੇ ਤੁਰੰਤ ਮੁਆਫੀ ਮੰਗੋ ਅਤੇ ਆਪਣੇ ਸ਼ਬਦ ਵਾਪਿਸ ਲਵੋ ।