
ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ ਬੱਸ, ਪੁਲਿਸ ਨੇ ਜਾਂਚ ਸ਼ੁਰੂ ਕੀਤੀ
ਖਰੜ : ਮੁਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਵਾਪਰੀ ਇਕ ਮੰਦਭਾਗੀ ਘਟਨਾ ’ਚ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ’ਤੇ ਹਮਲਾ ਕੀਤਾ ਗਿਆ ਹੈ। ਮੰਗਲਵਾਰ ਸ਼ਾਮ ਸਮੇਂ ਵਾਪਰੀ ਇਸ ਘਟਨਾ ’ਚ ਹਮਲਾਵਰ ਇਕ ਕਾਰ ’ਚ ਸਵਾਰ ਹੋ ਕੇ ਆਏ ਸਨ। ਬੱਸ ਦੇ ਡਰਾਈਵਰ ਮੁਤਾਬਕ ਖਰੜ ਫ਼ਲਾਈਓਵਰ ’ਤੇ ਦੋ ਜਣੇ ਆਲਟੋ ਗੱਡੀ ਵਿੱਚ ਸਵਾਰ ਹੋ ਕੇ ਬੱਸ ਦੇ ਅੱਗੇ ਆ ਗਏ ਅਤੇ ਰੁਕਣ ਦਾ ਇਸ਼ਾਰਾ ਕਰ ਕੇ ਬੱਸ ਰੋਕ ਲਈ। ਜਦੋਂ ਬੱਸ ਰੁਕ ਗਈ ਤਾਂ ਦੋਵੇਂ ਅਚਾਨਕ ਗੱਡੀ ’ਚੋਂ ਡੰਡੇ ਲੈ ਕੇ ਬਾਹਰ ਨਿਕਲੇ ਅਤੇ ਬੱਸ ਦੇ ਸ਼ੀਸ਼ੇ ਤੋੜ ਦਿਤੇ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਕਿਸੇ ਸਵਾਰੀ ਦਾ ਕੋਈ ਨੁਕਸਾਨ ਨਹੀਂ ਹੋਇਆ।
ਬੱਸ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਤੋਂ ਵੀ ਹਾਲ ਹੀ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ’ਚ ਕੁੱਝ ਸਥਾਨਕ ਲੋਕਾਂ ਅਤੇ ਪੰਜਾਬੀ ਨੌਜਵਾਨਾਂ ਵਿਚਾਲੇ ਬਹਿਸ ਹੋਈ, ਜਿਹੜੇ ਅਪਣੇ ਮੋਟਰਸਾਈਕਲਾਂ ’ਤੇ ਨਿਸ਼ਾਨ ਸਾਹਿਬ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆ ਤਸਵੀਰਾਂ ਲਗਾ ਕੇ ਜਾ ਰਹੇ ਸਨ। ਹਾਲਾਂਕਿ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਪਰ ਸਵਾਲ ਇਹੀ ਖੜਾ ਹੋ ਰਿਹਾ ਕਿ ਕੀ ਇਹ ਦੋ ਸੂਬਿਆਂ ਤੇ ਰਿਸ਼ਤਿਆਂ ਨੂੰ ਖਰਾਬ ਕੀਤਾ ਜਾ ਰਿਹਾ ਹੈ?