
ਉਤਪਾਦਕਾਂ ਦੀ ਹਾਲਤ ਤਰਸਯੋਗ ਬਣੀ
ਮਾਲੇਰਕੋਟਲਾ ਪੰਜਾਬ ਦੀ ਹੀ ਨਹੀਂ ਬਲਕਿ ਉਤਰੀ ਭਾਰਤ ਦੀ ਸੱਭ ਤੋਂ ਵੱਡੀ ਸਬਜ਼ੀ ਮੰਡੀ ਹੈ। ਇਸ ਸਬਜ਼ੀ ਮੰਡੀ ਤੋਂ ਹਰ ਰੋਜ਼ ਦਿੱਲੀ, ਜੰਮੂ, ਸ੍ਰੀਨਗਰ, ਲੁਧਿਆਣਾ,ਪਟਿਆਲਾ, ਚੰਡੀਗੜ੍ਹ, ਮੋਹਾਲੀ ਵਰਗੇ ਵੱਡੇ ਸ਼ਹਿਰਾਂ ਨੂੰ ਸੈਂਕੜੇ ਵੱਡੇ ਟਰੱਕ, ਕੈਂਟਰ ਅਤੇ ਹੋਰ ਛੋਟੀਆਂ ਵੱਡੀਆਂ ਗੱਡੀਆਂ ਸਥਾਨਕ ਸਬਜ਼ੀ ਉਤਪਾਦਕਾਂ ਵਲੋਂ ਉਗਾਈਆਂ ਦਰਜਨਾਂ ਤਰ੍ਹਾਂ ਦੀਆਂ ਸਬਜ਼ੀਆਂ ਦੇ ਲੋਕਲ ਉਤਪਾਦਾਂ ਨਾਲ ਰੋਜ਼ਾਨਾ ਨੱਕੋ ਨੱਕ ਭਰ ਕੇ ਭੇਜੀਆਂ ਜਾਂਦੀਆਂ ਹਨ। ਇਸੇ ਸਬਜ਼ੀ ਮੰਡੀ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਵੀ ਕਈ ਸੈਂਕੜੇ ਵੱਡੇ ਛੋਟੇ ਵਪਾਰੀ ਅਤੇ ਦੁਕਾਨਦਾਰ ਆਪੋ ਅਪਣੇ ਟਰੱਕਾਂ, ਗੱਡੀਆਂ, ਰੇਲ ਗੱਡੀਆਂ, ਬਸਾਂ ਅਤੇ ਕਾਰਾਂ ਜੀਪਾਂ ਰਾਹੀਂ ਇਸ ਮੰਡੀ ਵਿਚੋਂ ਰੋਜ਼ਾਨਾ ਸਬਜ਼ੀਆਂ ਖ਼ਰੀਦਣ ਲਈ ਵੀ ਪਹੁੰਚਦੇ ਹਨ। ਪਰ ਪਿਛਲੇ ਦੋ ਤਿੰਨ ਦਹਾਕਿਆਾਂ ਤੋਂ ਇਸ ਸਬਜ਼ੀ ਮੰਡੀ ਦੀ ਤਰਾਸਦੀ ਇਹ ਰਹੀ ਹੈ ਕਿ ਥੋਕ ਦੇ ਭਾਅ ਮਹਿੰਗੇ ਭਾਅ ਦੀਆਂ ਸਬਜ਼ੀਆਂ ਉਗਾਉਣ ਵਾਲੀ ਇਥੋਂ ਦੀ ਮੁਸਲਿਮ ਕੰਬੋਜ ਬਰਾਦਰੀ ਅਤੇ ਸ਼ਹਿਰ ਨਾਲ ਲਗਦੇ ਕਈ ਦਰਜਨਾਂ ਪਿੰਡਾਂ ਦੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਆਰਥਕ ਹਾਲਤ ਵਿਚ ਕੋਈ ਜ਼ਿਕਰਯੋਗ ਪ੍ਰਾਪਤੀ ਜਾਂ ਸੁਧਾਰ ਵੇਖਣ ਨੂੰ ਨਹੀਂ ਮਿਲਿਆ। ਗਰਮੀਆਂ ਦੀ ਆਮਦ ਨਾਲ ਸਥਾਨਕ ਸਬਜ਼ੀ ਉਤਪਾਦਕਾਂ ਨੂੰ ਹਮੇਸ਼ਾ ਆਸ ਬਣੀ ਰਹਿੰਦੀ ਹੈ ਕਿ ਹੁਣ ਉਨ੍ਹਾਂ ਦੇ ਉਤਪਾਦ ਮਹਿੰਗੇ ਭਾਅ ਵਿਕਣਗੇ ਪਰ ਮਾਲੇਰਕੋਟਲਾ ਸਬਜ਼ੀ ਮੰਡੀ ਵਿਚ ਅੱਜ ਪ੍ਰਤੀ ਕਿਲੋ ਕੱਦੂ ਦਾ ਰੇਟ 2 ਰੁਪਏ, ਖੀਰਾ 2 ਰੁਪਏ, ਕੱਕੜੀ 2 ਰੁਪਏ, ਬੰਦ ਗੋਭੀ 5 ਰੁਪਏ ਅਤੇ ਕਰੇਲਾ 20 ਰੁਪਏ ਕਿਲੋ ਦੇ ਰੇਟ ਵਿਕਿਆ।
Vegetables
ਇਸ ਤੋਂ ਕੁੱਝ ਸਮਾਂ ਪਹਿਲਾਂ ਆਲੂ ਇਕ ਰੁਪਏ ਕਿਲੋ,ਫੁੱਲ ਗੋਭੀ ਇਕ ਰੁਪਏ ਕਿੱਲੋ ਅਤੇ ਖੀਰਾ 50 ਪੈਸੇ ਕਿਲੋ ਦੇ ਰੇਟ ਵਿਕਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ ਵਿਚ ਭਾਈਵਾਲ ਹੈ ਅਤੇ ਪੰਜਾਬ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਜਿਤਾ ਕੇ ਪਾਰਲੀਮੈਂਟ ਵਿਚ ਭੇਜੀ ਗਈ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿਚ ਫ਼ੂਡ ਪ੍ਰਾਸੈਸਿੰਗ ਮੰਤਰਾਲੇ ਦੀ ਸਟੇਟ ਮੰਤਰੀ ਹੈ। ਕੇਂਦਰ ਸਰਕਾਰ ਚਾਹੇ ਤਾਂ ਮਾਲੇਰਕੋਟਲਾ ਇਲਾਕੇ ਵਿਚ ਉਗਾਈ ਲੱਖਾਂ ਟਨ ਸਬਜ਼ੀ ਅਰਬ ਜਾਂ ਖਾੜੀ ਦੇਸ਼ਾਂ ਨੂੰ ਗੁਜਰਾਤ ਬੰਦਰਗਾਹ ਰਾਹੀਂ ਜਾਂ ਹਵਾਈ ਜਹਾਜ਼ਾਂ ਰਾਹੀਂ ਵਿਦੇਸ਼ਾਂ ਵਿਚ ਭੇਜੀ ਜਾ ਸਕਦੀ ਹੈ ਪਰ ਕਮਜ਼ੋਰ ਰਾਜਸੀ ਇੱਛਾ ਸ਼ਕਤੀ ਦੇ ਚਲਦਿਆਂ ਭਵਿੱਖ ਵਿਚ ਕੇਂਦਰ ਸਰਕਾਰ ਵਲੋਂ ਅਜਿਹੀ ਵਿਉਂਤਬੰਦੀ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। ਬੀਬੀ ਬਾਦਲ ਵੀ ਜੇਕਰ ਚਾਹੇ ਤਾਂ ਮਾਲੇਰਕੋਟਲਾ ਸ਼ਹਿਰ ਨਾਲ ਲਗਦੇ ਇਲਾਕੇ ਵਿਚ ਵੈਜੀਟੇਬਲ ਪ੍ਰਾਸੈਸਿੰਗ ਪਲਾਂਟ ਲਗਾ ਕੇ ਇਥੋਂ ਦੇ ਸਬਜ਼ੀ ਉਤਪਾਦਕਾਂ ਦੀ ਜ਼ਿੰਦਗੀ ਸੁਧਾਰ ਸਕਦੀ ਹੈ ਪਰ ਕਿਉਂਕਿ ਲੋਕ ਸਭਾ ਦੀ ਉਸ ਦੀ ਟਰਮ ਸਿਰਫ਼ ਕੁੱਝ ਮਹੀਨੇ ਹੀ ਬਾਕੀ ਹੈ ਇਸ ਲਈ ਇੰਨੇ ਘੱਟ ਸਮੇਂ ਵਿਚ ਮਾਲੇਰਕੋਟਲਾ ਨੇੜੇ ਪ੍ਰਾਸੈਸਿੰਗ ਪਲਾਂਟ ਲਗਾਉਣਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਸਬਜ਼ੀ ਮੰਡੀ ਵਿਚ ਹਾਜ਼ਰ ਕਈ ਸਬਜ਼ੀ ਉਤਪਾਦਕਾਂ ਨੇ ਕਿਹਾ ਕਿ ਬੀਬੀ ਬਾਦਲ ਜੇਕਰ ਚਾਹੇ ਤਾਂ ਮਾਲੇਰਕੋਟਲਾ ਵਿਚ ਵੱਡਾ ਪਲਾਂਟ ਲਗਾ ਕੇ ਲੋਕਾਂ ਦੀ ਤਕਦੀਰ ਬਦਲ ਸਕਦੀ ਹੈ।