
ਮੁੱਖ ਮੰਤਰੀ ਪਟਿਆਲਾ ਘਟਨਾ ਦੀ ਉਚ ਪਧਰੀ ਪੜਤਾਲ ਕਰਵਾਉਣ : ਭਾਈ ਮੋਹਕਮ ਸਿੰਘ
ਅੰਮ੍ਰਿਤਸਰ, 17 ਅਪਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਨਾਈਟਿਡ ਅਕਾਲ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਈ ਵੱਸਣ ਸਿੰਘ ਜਫ਼ਰਵਾਲ, ਸਕੱਤਰ ਜਨਰੱਲ ਸਤਨਾਮ ਸਿੰਘ ਮਨਾਵਾ, ਜਨਰਲ ਸਕੱਤਰ ਪ੍ਰਮਜੀਤ ਸਿੰਘ ਜੱਜੇਆਣੀ, ਬਲਵੰਤ ਸਿੰਘ ਗੋਪਾਲਾ, ਜਸਬੀਰ ਸਿੰਘ ਮੰਡਿਆਲਾ ਨੇ ਪਟਿਆਲਾ ਘਟਨਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ. ਪੰਜਾਬ, ਐਸ.ਐਸ.ਪੀ. ਪਟਿਆਲਾ ਨੂੰ ਅਪੀਲ ਕੀਤੀ ਕਿ ਉਚ ਪਧਰੀ ਪੜਤਾਲ ਕੀਤੀ ਜਾਵੇ। ਗੁਰਦੁਆਰਾ ਸਾਹਿਬ ਸਬੰਧਤ ਧਿਰਾਂ ਨੂੰ ਦਿਤਾ ਜਾਵੇ, ਜੋ ਪਹਿਲਾਂ ਉਥੇ ਮੌਜੂਦ ਸਨ।
ਉਕਤ ਆਗੂਆਂ ਪਟਿਆਲਾ ਘਟਨਾ 'ਚ ਥਾਣੇਦਾਰ ਦਾ ਗੁੱਟ ਵੱਢੇ ਜਾਣ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਡਾਕਟਰਾਂ-ਨਰਸਾਂ, ਸਫ਼ਾਈ ਸੇਵਕਾਂ, ਪੁਲਿਸ ਦਾ ਰੋਲ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਥਾਣੇਦਾਰ ਦਾ ਗੁੱਟ ਜੋੜਨ ਵਾਲੇ ਡਾਕਟਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਨੇੜੇ ਹੋ ਕੇ ਪੀੜਤ ਪਰਵਾਰ ਦੀ ਮਦਦ ਕੀਤੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਭਾਵਤ ਧਿਰ ਦੀ ਆਰਥਕ ਮਦਦ ਕਰੇ। ਉਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਜ਼ੋਰ ਦਿਤਾ ਕਿ ਨਿਰਦੋਸ਼ ਦੀ ਗ੍ਰਿਫ਼ਤਾਰੀ ਸੱਭ ਤੋਂ ਵੱਡਾ ਗੁਨਾਹ ਹੈ।
ਨੌਜਵਾਨ ਲੜਕੀ ਤੇ ਹੋਰ ਔਰਤਾਂ, 7 ਵਿਅਕਤੀਆਂ ਨਾਲ ਫੜਨੀਆਂ ਠੀਕ ਨਹੀਂ, ਜਿਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ। ਭਾਈ ਮੋਹਕਮ ਸਿੰਘ ਮੁਤਾਬਕ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦਾ ਕੋਈ ਅਫ਼ਸੋਸ ਨਹੀਂ ਪਰ ਨਿਰਦੋਸ਼ ਔਰਤਾਂ ਤੇ ਹੋਰ ਲੋਕ ਗ੍ਰਿਫ਼ਤਾਰ ਕਰਨੇ ਨਿੰਦਣਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦਵਾਰਾ ਸਾਹਿਬ ਵਿਖੇ 8-10 ਸਿਲੰਡਰਾਂ ਦਾ ਹੋਣਾ ਆਮ ਹੈ। ਗੁਰੂ ਘਰ ਲੰਗਰ ਪਕਦਾ ਹੈ। ਕੁੱਝ ਸਿਲੰਡਰ ਖਾਲੀ ਵੀ ਹੁੰਦੇ ਹਨ ਤੇ ਭਰੇ ਵੀ ਪਰ ਜੋ ਕੇਸ ਪਾਏ ਗਏ ਹਨ, ਉਹ ਇਨਸਾਫ਼ ਲਈ ਉਚ ਪੜਤਾਲ ਦੀ ਮੰਗ ਵੀ ਕਰਦੇ ਹਨ।
ਭਾਈ ਮੋਹਕਮ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਜਿਨ੍ਹਾਂ ਕੋਲ ਗੁਰਦੁਆਰਾ ਸੀ, ਉਨ੍ਹਾਂ ਕੋਲ ਹੀ ਰਹਿਣ ਦਿਤਾ ਜਾਵੇ, ਜਿਹੜਾ 30-35 ਲੱਖ ਗੁਰੂ ਘਰੋਂ ਬਰਾਮਦ ਕੀਤਾ ਹੈ, ਉਸ ਵਿਚੋਂ 2-3 ਲੱਖ ਪੀੜਤ ਥਾਣੇਦਾਰ ਨੂੰ ਵੀ ਦਿਤਾ ਜਾਵੇ ਤਾਂ ਕੋਈ ਇਤਰਾਜ ਨਹੀਂ। ਉਨ੍ਹਾਂ ਇਸ ਗੱਲ 'ਤੇ ਅਫ਼ਸੋਸ ਵੀ ਪ੍ਰਗਟਾਇਆ ਕਿ ਕੁੱਝ ਲੋਕ ਨਿਹੰਗ ਬਾਣੇ ਦਾ ਨਿਰਾਦਰ ਕਰ ਰਹੇ ਹਨ। ਉਨ੍ਹਾਂ ਨਿਰਾਦਰ ਕਰਨ ਵਾਲਿਆਂ ਨੂੰ ਪੁਛਿਆ ਕਿ ਅਸਲੀ ਤੇ ਨਕਲੀ ਨਿਹੰਗ ਸਿੰਘ ਦੀ ਪ੍ਰੀਭਾਸ਼ਾ ਕੀ ਹੈ?