
ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਜੇਲ 'ਚੋਂ ਕੈਦੀਆਂ, ਬੰਦੀਆਂ ਦੀ ਰਿਹਾਈ
ਬਰਨਾਲਾ, 17 ਅਪ੍ਰੈਲ (ਬਾਜ ਰਟੋਲ) : ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਰਿੰਦਰ ਅੱਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਰਨਾਲਾ ਵਿਖੇ ਅੱਜ ਅੰਡਰਟਰਾਇਲ ਰਿਵਿਊ ਕਮੇਟੀ ਦੀ ਸਪਤਾਹੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮਿਤੀ 25 ਮਾਰਚ ਨੂੰ ਹੋਈ ਮੀਟਿੰਗ ਵਿਚ ਦਿਤੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਜੇਲਾਂ ਵਿਚ ਬੰਦੀਆਂ ਦੀ ਗਿਣਤੀ ਨੂੰ ਘੱਟ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤਹਿਤ ਦੋਸ਼ੀ ਕੈਦੀਆਂ ਨੂੰ 6 ਹਫ਼ਤੇ ਦੀ ਪੈਰੋਲ ਅਤੇ ਹਵਾਲਾਤੀ ਕੈਦੀਆਂ ਨੂੰ 6 ਹਫ਼ਤੇ ਦੀ ਅੰਤ੍ਰਿਮ ਜਮਾਨਤ ਉਤੇ ਛੱਡਿਆ ਜਾਵੇਗਾ।
ਇਸ ਦਾ ਮੁਢਲਾ ਉਦੇਸ਼ ਕੋਵਿਡ-19 ਦੇ ਪ੍ਰਕੋਪ ਦੇ ਚਲਦਿਆਂ ਕੈਦੀਆਂ ਦੀ ਸਿਹਤ ਦਾ ਖਿਆਲ ਰੱਖਣਾ ਸੀ। ਅੰਡਰਟਰਾਇਲ ਰੀਵਿਊ ਕਮੇਟੀ ਬਰਨਾਲਾ ਵਲੋਂ ਮੀਟਿੰਗ ਵਿਚ ਸੀ.ਜੇ.ਐਮ. ਬਰਨਾਲਾ ਨੂੰ ਦਿਸ਼ਾਂ ਨਿਰਦੇਸ਼ ਦਿਤੇ ਕਿ ਉਹ ਜੇਲ ਸੁਪਰਡੰਟ, ਬਰਨਾਲਾ ਵਲੋਂ ਪੇਸ਼ ਕੀਤੀ ਗਈ ਲਿਸਟ ਅਧੀਨ ਸਾਰੇ ਕੇਸਾਂ ਦੀ ਜਾਂਚ-ਪੜਤਾਲ ਕਰ ਕੇ ਕੇਸਾ ਦਾ ਨਿਪਟਾਰਾ ਕਰਨ। ਇਸ ਤੋਂ ਇਲਾਵਾ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਬਰਨਾਲਾ ਵਿਖੇ ਅੰਡਰ ਟਰਾਇਲ ਰੀਵਿਊ ਕਮੇਟੀ ਦੀ ਮੀਟਿੰਗ ਦਾ ਆਯੋਜਨ ਤਿਮਾਹੀ ਦੀ ਜਗ੍ਹਾਂ ਹੁਣ ਹਰੇਕ ਸ਼ੁਕਰਵਾਰ ਵਾਲੇ ਦਿਨ ਕੀਤਾ ਜਾਇਆ ਕਰੇਗਾ।
ਜਾਣਕਾਰੀ ਅਨੁਸਾਰ ਸੀ.ਜੇ.ਐਮ. ਬਰਨਾਲਾ ਵਨੀਤ ਕੁਮਾਰ ਨਾਰੰਗ ਵਲੋਂ ਜ਼ਿਲ੍ਹਾ ਜੇਲ ਬਰਨਾਲਾ ਵਿਚੋਂ ਕੁਲ 66 ਅੰਡਰਟਰਾਇਲ ਬੰਦੀਆਂ ਨੂੰ ਰਿਹਾਅ ਕਰ ਦਿਤਾ ਹੈ। ਇਸ ਤੋਂ ਇਲਾਵਾ 44 ਕੈਦੀਆਂ ਨੂੰ ਪੈਰੋਲ ਉਤੇ ਰਿਹਾਅ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਬਰਨਾਲਾ ਵਰਿੰਦਰ ਅੱਗਰਵਾਲ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ ਜੱਜ-1 ਅਰੁਣ ਗੁਪਤਾ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ ਜੱਜ-2 ਬਰਜਿੰਦਰ ਪਾਲ ਸਿੰਘ ਅਤੇ ਸੀ.ਜੇ.ਐੱਮ., ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰ ਸਿੰਘ ਜੀ ਵੀਡੀਉ ਕਾਨਫ਼ਰੰਸਿਗ ਰਾਹੀਂ ਕੈਦੀਆਂ ਨਾਲ ਜੁੜੇ ਹੋਏ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਆ ਰਹੀ ਸਮੱਸਿਆ ਬਾਰੇ ਪਤਾ ਲਗਾਇਆ ਜਾ ਸਕੇ ਅਤੇ ਉਸ ਦਾ ਹੱਲ ਕੀਤਾ ਜਾ ਸਕੇ।
ਸੁਪਰਡੰਟ, ਜ਼ਿਲ੍ਹਾ ਜੇਲ, ਬਰਨਾਲਾ ਵਲੋਂ ਦਸਿਆ ਗਿਆ ਕਿ ਜ਼ਿਲ੍ਹਾ ਜੇਲ ਬਰਨਾਲਾ ਨੂੰ ਕੁਆਰੰਟੀਨ ਜੇਲ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ 292 ਕੈਦੀਆਂ ਨੂੰ ਜ਼ਿਲ੍ਹਾ ਜੇਲ ਬਰਨਾਲਾ ਤੋਂ ਕੇਂਦਰੀ ਜੇਲ ਬਠਿੰਡਾ ਅਤੇ ਨਵੀਂ ਨਾਭਾ ਜੇਲ ਵਿਚ ਤਬਦੀਲ ਕੀਤਾ ਗਿਆ ਹੈ। ਜੇਲ ਸੁਪਰਡੰਟ ਬਰਨਾਲਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰੇਕ ਕੋਰਟ ਨੂੰ ਤਬਦੀਲ ਕੀਤੇ ਗਏ ਅੰਡਰਟਰਾਇਲ ਕੈਦੀ ਬਾਰੇ ਸੂਚਿਤ ਕਰਨ ਤਾਂ ਜੋ ਕੋਰਟ ਅਤੇ ਅੰਡਰਟਰਾਇਲ ਕੈਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।