
ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਅੰਦਰ ਵਖਰੀ ਲਹਿਰ ਖੜੀ ਕਰਨ ਦਾ ਕੀਤਾ ਐਲਾਨ
ਪਟਿਆਲਾ, 17 ਅਪ੍ਰੈਲ (ਜਸਪਾਲ ਸਿੰਘ ਢਿੱਲੋਂ): ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਤਿੱਖਾ ਰਵੱਈਆ ਅਪਣਾਉਂਦਿਆਂ ਪੰਜਾਬ ਵਿਚ ਵੱਖਰੀ ਲਹਿਰ ਖੜੀ ਕਰਨ ਦਾ ਐਲਾਨ ਕਰ ਦਿਤਾ ਹੈ ਜਿਸ ਤਹਿਤ ਪੰਜਾਬ ਦੇ 117 ਹਲਕਿਆਂ ਵਿਚ ਟੀਮਾਂ ਬਣਾ ਕੇ ਲੋਕਾਂ ਤਕ ਪਹੁੰਚ ਬਣਾਉਣ ਦੀ ਸ਼ੁਰੂਆਤ ਵੀ ਕਰ ਦਿਤੀ ਹੈ | ਡਾ: ਨਵਜੋਤ ਕੌਰ ਨੇ ਕਿਹਾ ਕਿ ਸਰਕਾਰ ਜਨਤਾ ਲਈ ਮਾਂ ਬਾਪ ਹੁੰਦੀ ਹੈ ਅਤੇ ਸਰਕਾਰ ਨੂੰ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ | ਪੰਜਾਬ ਦੇ ਲੋਕਾਂ ਦੀ ਆਵਾਜ਼ ਵੱਡੇ ਆਗੂਆਂ ਤਕ ਨਹੀਂ ਪੁੱਜ ਰਹੀ ਹੈ, ਇਸ ਲਈ ਉਹ ਤੇ ਉਨ੍ਹਾਂ ਦੀ ਟੀਮ ਲੋਕਾਂ ਦੀ ਆਵਾਜ਼ ਬਣੇਗੀ |
ਸੂਬਾ ਸਰਕਾਰ ਦੀ ਗੱਲ ਕਰਦਿਆਂ ਡਾ: ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਰਕਾਰੀ ਪੱਧਰ ਉਤੇ ਪਹਿਲਾਂ ਗੱਲਾਂ ਬਹੁਤ ਹੋ ਚੁੱਕੀਆਂ ਹਨ ਪਰ ਸੁਣਨੀ ਉਤੇ ਸਮਝਣ ਵਾਲਾ ਵੀ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹੁਣ ਤਾਂ ਚਾਰ ਸਾਲ ਤੋਂ ਉਹ ਘਰ ਹੀ ਹਨ ਤੇ ਸਮਾਜ ਸੇਵੀ ਵਜੋਂ ਲੋਕਾਂ ਵਿਚ ਵਿਚਰ ਰਹੇ ਹਨ | ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਨਾਲ ਹਨ ਤੇ ਮਾੜੇ ਲੋਕਾਂ ਦੀ ਸਪੋਰਟ ਨਹੀਂ ਕਰਦੇ | ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਟ ਮਹਾਂਸਭਾ ਦੇ ਬੈਨਰ ਹੇਠ ਸੂਬੇ ਦੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ |
ਮੰਡੀਆਂ ਵਿਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਵਾਲ 'ਤੇ ਨਵਜੋਤ ਕੌਰ ਨੇ ਕਿਹਾ ਕਿ ਪੂਰੀ ਤਿਆਰੀ ਹੋਣੀ ਚਾਹੀਦੀ ਸੀ ਤੇ ਸਿੱਧੀ ਅਦਾਇਗੀ ਵੀ ਇਸਦਾ ਕਾਰਨ ਹੋ ਸਕਦਾ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੋ ਸਾਲ ਪਹਿਲਾਂ ਇਸ ਸਬੰਧੀ ਪੱਤਰ ਜਾਰੀ ਕੀਤਾ ਸੀ ਤਾਂ ਸੂਬਾ ਸਰਕਾਰ ਨੂੰ ਪਹਿਲਾਂ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਸੀ ਕਿਉਂਕਿ ਆਏ ਹੁਕਮ ਕਦੇ ਛੇਤੀ ਰੱਦ ਨਹੀਂ ਹੁੰਦੇ | ਨਵਜੋਤ ਕੌਰ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਲਾਜ਼ਮੀ ਹਨ ਪਰ ਇਸ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਹੇਠਲੇ ਪੱਧਰ ਉਤੇ ਵੀ ਮਜਬੂਤ ਕਰਨ ਦੀ ਲੋੜ ਹੈ | ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਾਹਰੋਂ ਦਾਲਾਂ ਅਤੇ ਹੋਰ ਸਮੱਗਰੀ ਮੰਗਵਾਉਣ ਦੀ ਬਜਾਏ ਕਿਸਾਨਾਂ ਨੂੰ ਸਹੀ ਮੁੱਲ ਦੇ ਕੇ ਪੰਜਾਬ ਵਿਚ ਹੀ ਵੱਖ-ਵੱਖ ਤਰ੍ਹਾਂ ਦੀ ਖੇਤੀ ਕਰਵਾਏ | ਨਵਜੋਤ ਕੌਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਕਿਸਾਨ ਅਤੇ ਜਵਾਨ ਜਾਗਰੂਕ ਹੋਣ |
ਕਿਸਾਨ ਖੇਤੀ ਢੰਗਾਂ ਵਿਚ ਬਦਲਾਅ ਲਿਆimageਉਣ ਤੇ ਨੌਜਵਾਨ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਖੇਤਾਂ ਦੀ ਮਿੱਟੀ ਨੂੰ ਸੋਨਾ ਬਣਾਉਣ | ਨਸ਼ਿਆਂ ਦੇ ਮੁੱਦੇ ਉਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪਹਿਲੇ ਸਮਿਆਂ ਵਿਚ ਪੰਜਾਬ ਵਿਚ ਅਫ਼ੀਮ ਹੁੰਦੀ ਸੀ ਪਰ ਨਸ਼ਿਆਂ ਦੇ ਵਪਾਰੀਆਂ ਨੇ ਰਿਵਾਇਤੀ ਨਸ਼ਾ ਅਫ਼ੀਮ ਬੰਦ ਕਰਵਾ ਕੇ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਉਤੇ ਲਾ ਦਿਤਾ ਹੈ | ਸਿੰੰਥੈਟਿਕ ਨਸ਼ਿਆਂ ਨੂੰ ਖ਼ਤਮ ਕਰਨ ਲਈ ਅਫ਼ੀਮ ਦੀ ਖੇਤੀ ਸਿਸਟਮ ਤਹਿਤ ਹੋਣੀ ਚਾਹੀਦੀ ਹੈ |
ਉਨ੍ਹਾਂ ਕਿਹਾ ਕਿ ਹੁਣ ਤਾਂ ਕੈਨੇਡਾ ਅਤੇ ਅਮਰੀਕਾ ਵੀ ਅਫ਼ੀਮ ਦੀ ਮੰਗ ਕਰਨ ਲੱਗਾ ਹੈ | ਹਿਮਾਚਲ ਦੀ ਤਰਜ਼ ਉਤੇ ਪੰਜਾਬ ਵਿਚ ਖੇਤੀ ਹੋਣੀ ਚਾਹੀਦੀ ਹੈ |