
ਸੰਗਰੂਰ ਵਿਚ ਤਾਇਨਾਤੀ ਦੌਰਾਨ ਪਹਿਲੀ ਤਨਖ਼ਾਹ ’ਚੋਂ 51 ਹਜ਼ਾਰ ਅਤੇ ਹਰ ਮਹੀਨੇ 21 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ: ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਆਰਥਿਕ ਤੰਗੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ਲਈ ਆਪਣੀ ਤਨਖਾਹ ਦਾ ਵੱਡਾ ਹਿੱਸਾ ਦਾਨ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਉਹਨਾਂ ਵੱਲੋਂ ਚੁੱਕੇ ਕਦਮ ਤੋਂ ਬਾਅਦ ਦੋ ਉਦਯੋਗਪਤੀਆਂ ਨੇ ਵੀ ਕਿਸਾਨਾਂ ਦੀਆਂ ਧੀਆਂ ਲਈ ਮਦਦ ਦਾ ਹੱਥ ਵਧਾਇਆ ਹੈ।
Sangrur SSP Mandeep Singh Sidhu
ਸੰਗਰੂਰ ਦੇ ਐਸਐਸਪੀ ਮਨਦੀਪ ਐਸ ਸਿੱਧੂ ਨੇ ਪੰਜਾਬ ਵਿਚ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਧੀਆਂ ਦੀ ਚੰਗੀ ਸਿੱਖਿਆ ਲਈ ਆਪਣੀ ਤਨਖਾਹ ਦਾ ਵੱਡਾ ਹਿੱਸਾ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੰਗਰੂਰ ਦੇ ਐਸਐਸਪੀ ਵਜੋਂ ਮਿਲਣ ਵਾਲੀ ਪਹਿਲੀ ਤਨਖਾਹ ਵਿਚੋਂ ਉਹ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿਚੋਂ 21 ਹਜ਼ਾਰ ਰੁਪਏ ਉਹ ਅਜਿਹੀਆਂ ਲੋੜਵੰਦ ਬੱਚੀਆਂ ਨੂੰ ਦੇਣਗੇ ਜੋ ਖੁਦਕੁਸ਼ੀ ਪੀੜਤ ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਵਿਦਿਅਕ ਪੱਧਰ ਉਤੇ ਹੋਣਹਾਰ ਹੋਣ ਦੇ ਬਾਵਜੂਦ ਆਰਥਿਕ ਤੰਗੀਆਂ ਕਾਰਨ ਅੱਗੇ ਨਹੀਂ ਵਧ ਪਾ ਰਹੀਆਂ।
ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਐਲਾਨ ਤੋਂ ਪ੍ਰੇਰਿਤ ਹੋ ਕੇ 2 ਉਦਯੋਗਪਤੀਆਂ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਹਨਾਂ ਵਿਚੋਂ ਇਕ ਨੇ 21 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਉਦਯੋਗਪਤੀ ਨੇ ਧੂਰੀ ਦੇ 13 ਸਰਕਾਰੀ ਸਕੂਲਾਂ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਲਈ 26 ਲੱਖ ਰੁਪਏ ਦਾ ਚੈੱਕ ਦਿੱਤਾ ਹੈ।