
Mohali News: ਸੀਸੀਟੀਵੀ ਫੁਟੇਜ ਜਾਰੀ
ਐਸ.ਏ.ਐਸ. ਨਗਰ, (ਸਤਵਿੰਦਰ ਸਿੰਘ ਧੜਕ) : ਲੋਕ ਹਿੱਤ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸੰਤੂ, ਰਵਿੰਦਰ ਸਿੰਘ ਬਜੀਦਪੁਰ, ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਅਤੇ ਨੌਜਵਾਨ ਆਗੂ ਸਤਨਾਮ ਸਿੰਘ ਟਾਂਡਾ ਨੇ ਬੀਤੇ ਦਿਨ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਬਲਾਤਕਾਰੀ ਪਾਦਰੀ ਬਜਿੰਦਰ (ਹੁਣ ਸਜ਼ਾ ਯਾਫਤਾ) ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਸਿਆ ਕਿ ਬਜਿੰਦਰ , ਜੋ ਪਹਿਲਾਂ ਹੀ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ, 2021 ਤੋਂ ਪਿੰਡ ਬੂਥਗੜ੍ਹ (ਬਲਾਕ ਮਾਜਰੀ) ਦੇ ਕਿਸਾਨ ਲਖਬੀਰ ਸਿੰਘ ਲੱਖਾ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਰਿਹਾ ਹੈ।
ਆਗੂਆਂ ਨੇ ਮੀਡੀਆ ਸਾਹਮਣੇ ਕੁਝ ਸੀਸੀਟੀਵੀ ਫੁਟੇਜ ਅਤੇ ਤਸਵੀਰਾਂ ਵੀ ਜਨਤਕ ਕੀਤੀਆਂ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਾਰ ਸਾਲ ਪਹਿਲਾਂ ਜਦੋਂ ਕਿਸਾਨ ਲਖਬੀਰ ਸਿੰਘ ਅਪਣੀ ਜ਼ਮੀਨ ਲਈ ਗੱਲਬਾਤ ਕਰਨਾ ਚਾਹੁੰਦਾ ਸੀ, ਤਾਂ ਬਲਾਤਕਾਰੀ ਬਜਿੰਦਰ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿਤਾ।
ਉਨ੍ਹਾਂ ਕਿਹਾ ਕਿ ਮੋਹਾਲੀ ਦੀ ਅਦਾਲਤ ਨੇ 22 ਨਵੰਬਰ 2024 ਨੂੰ ਇਸ ਜ਼ਮੀਨ ਸਬੰਧੀ ਲਖਬੀਰ ਸਿੰਘ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ ਅਤੇ ਜ਼ਮੀਨ ਖਾਲੀ ਕਰਵਾਉਣ ਲਈ ਪੁਲਿਸ ਫੋਰਸ ਅਤੇ ਡਿਊਟੀ ਮੈਜਿਸਟਰੇਟ ਦੀ ਤਾਇਨਾਤੀ ਦੇ ਹੁਕਮ ਵੀ ਜਾਰੀ ਕੀਤੇ ਸਨ। ਪਰ ਹੁਣ ਤੱਕ ਪ੍ਰਸ਼ਾਸਨ ਨੇ ਸਿਰਫ਼ ਰਸਮੀ ਕਾਰਵਾਈ ਕੀਤੀ ਹੈ ਅਤੇ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ।
ਪ੍ਰਸ਼ਾਸਨ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਦੁਆਬੀ ਨੇ ਚੇਤਾਵਨੀ ਦਿਤੀ ਕਿ ਜੇ ਕਿਸਾਨ ਲਖਬੀਰ ਸਿੰਘ ਨੂੰ ਨਿਰਧਾਰਤ ਸਮੇਂ ਅੰਦਰ ਇਨਸਾਫ਼ ਨਾ ਮਿਲਿਆ ਅਤੇ ਉਸ ਦੀ ਜ਼ਮੀਨ ਖ਼ਾਲੀ ਨਾ ਕੀਤੀ ਗਈ ਤਾਂ ਉਹ ਸਿੱਖ ਅਤੇ ਕਿਸਾਨ ਸੰਗਠਨਾਂ ਨਾਲ ਮਿਲ ਕੇ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਅਤੇ ਦਰਸ਼ਨ ਸਿੰਘ ਖੇੜਾ ਵੀ ਮੌਜੂਦ ਸਨ।