
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰ ਕੇ ਫ਼ਿਰੋਜ਼ਪੁਰ 'ਚ ਚਾਰ ਦਿਨ ਪਹਿਲਾਂ ...
ਚੰਡੀਗੜ੍ਹ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰ ਕੇ ਫ਼ਿਰੋਜ਼ਪੁਰ 'ਚ ਚਾਰ ਦਿਨ ਪਹਿਲਾਂ ਹੋਈ ਘਟਨਾ ਦੌਰਾਨ ਚੁਣੇ ਹੋਏ ਨੁਮਾਇੰਦੇ ਦੇ ਵਿਸ਼ੇਸ਼ ਅਧਿਕਾਰਾਂ ਦੇ ਹਨਨ ਦਾ ਮੁੱਦਾ ਚੁਕਿਆ।ਭੁਲੱਥ ਹਲਕੇ ਤੋਂ 'ਆਪ' ਪਾਰਟੀ ਦੇ ਇਸ ਵਿਧਾਇਕ ਨੇ ਅੱਜ ਪ੍ਰੈੱਸ ਕਾਨਫ਼ਰੰਸ 'ਚ ਦਸਿਆ ਕਿ ਉਨ੍ਹਾਂ ਨਾਲ ਬੀਤੀ ਘਟਨਾ ਬਾਰੇ ਸਪੀਕਰ ਨੂੰ ਜਾਣਕਾਰੀ ਦਿਤੀ ਅਤੇ ਮੰਗ ਕੀਤੀ ਕਿ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਹੋਰ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਬੁਲਾ ਕੇ ਤਾੜਨਾ ਕੀਤਾ ਜਾਵੇ।
ਸੁਖਪਾਲ ਖਹਿਰਾ ਨੇ ਸਪੀਕਰ ਨੂੰ ਲਿਖਤੀ ਮੰਗ ਪੱਤਰ ਵੀ ਦਿਤਾ, ਜਿਸ 'ਚ ਲਿਖਿਆ ਹੈ ਕਿ 14 ਮਈ ਨੂੰ ਕਿਵੇਂ ਗੁੰਡਾ ਅਨਸਰਾਂ ਨੇ ਫਿਰੋਜ਼ਪੁਰ 'ਚ ਮੇਰੇ ਉਤੇ ਹਮਲਾ ਕੀਤਾ, ਪੁਲਿਸ ਅਧਿਕਾਰੀ ਨੇ ਮੇਰੇ ਅਦਬ ਤੇ ਸਤਿਕਾਰ ਨੂੰ ਠੇਸ ਪਹੁੰਚਾਈ ਅਤੇ ਮੇਰੇ ਵਿਰੁਧ ਮੰਦੇ ਸ਼ਬਦ ਬੋਲਣ ਵਾਲਿਆਂ ਪ੍ਰਤੀ ਕੋਈ ਐਕਸ਼ਨ ਨਹੀਂ ਲਿਆ ਗਿਆ।
sukhpal khaira
ਸ. ਖਹਿਰਾ ਨੇ 14 ਵਿਅਕਤੀਆਂ ਦੇ ਨਾਂ ਵੀ ਇਸ ਮੰਗ ਪੱਤਰ 'ਚ ਲਿਖੇ ਹਨ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਫ਼ਿਰੋਜ਼ਪੁਰ ਵਾਲੇ ਵਿਧਾਇਕ ਨੂੰ ਵੀ ਇਸ ਘਟਨਾ 'ਚ ਲਪੇਟਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਸਾਰੇ ਗੁੰਡਾ ਅਨਸਰ, ਕਾਂਗਰਸੀ ਵਿਧਾਇਕ ਦੇ ਇਸ਼ਾਰੇ 'ਤੇ ਹੀ ਮੈਨੂੰ ਗਾਲਾਂ ਕਢਦੇ ਰਹੇ, ਮੇਰੇ 'ਤੇ ਸਿੱਧਾ ਹਮਲਾ ਕੀਤਾ। ਖਹਿਰਾ ਨੇ ਉਸ ਦਿਨ ਦੀ ਘਟਨਾ ਦੀ ਵੀਡੀਉ ਵੀ ਮੰਗ ਪੱਤਰ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਲਿਖੀ ਚਿੱਠੀ ਦੇ ਨਾਲ ਭੇਜੀ ਹੈ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਸਪੀਕਰ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਵਿਧਾਨ ਸਭਾ ਦੀਆਂ 13 ਕਮੇਟੀਆਂ 'ਚੋਂ ਘੱਟੋ-ਘੱਟ ਦੋ ਕਮੇਟੀਆਂ ਦੀ ਪ੍ਰਧਾਨਗੀ 'ਆਪ' ਦੇ ਵਿਧਾਇਕਾਂ ਨੂੰ ਦਿਤੀ ਜਾਵੇ। ਇਕ ਸੀਨੀਅਰ 'ਆਪ' ਨੇਤਾ ਕੰਵਰ ਸੰਧੂ ਪਹਿਲਾਂ ਹੀ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਹੈ।