
ਸੰਨੀ ਦਿਓਲ ਨੂੰ ਕਿਹਾ ਸ਼ੇਰ
ਗੁਰਦਾਸਪੁਰ- ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਾ ਦਿੱਤੀ। ਇਸ ਵਿਚ ਉਹਨਾਂ ਦਾ ਸਾਥ ਉਹਨਾਂ ਦੇ ਪਿਤਾ ਅਤੇ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ ਦਿੱਤਾ। ਧਰਮਿੰਦਰ ਬੁੱਧਵਾਰ ਨੂੰ ਬਟਾਲਾ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਨੇ ਜਨਤਾ ਨੂੰ ਕਿਹਾ ਕਿ ਪੰਜਾਬ ਦੇ ਕੈਪਟਨ ਦੇ ਨਾਲ ਮੇਰੀ ਚੰਗੀ ਦੋਸਤੀ ਹੈ ਉਹਨਾਂ ਦੇ ਨਾਲ ਪਟਿਆਲਾ ਪੈਗ ਲਾ ਕੇ ਤੁਹਾਡੇ ਕੰਮ ਕਰਵਾ ਲਵਾਂਗਾ।
Captain Amarinder Singh
ਪੰਜਾਬ ਦੇ ਬਟਾਲਾ ਵਿਖੇ ਪਹੁੰਚੇ ਧਰਮਿੰਦਰ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਤੋਂ ਹੀ ਨਹੀਂ ਰਾਜ ਸਰਕਾਰ ਤੋਂ ਵੀ ਕੰਮ ਕਰਵਾ ਲਵਾਂਗਾ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਕਦੇ ਵੀ ਕਿਸੇ ਕੰਮ ਤੋਂ ਇਨਕਾਰ ਨਹੀਂ ਕਰਨਗੇ। ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ ਆਪਣੇ ਬੇਟੇ ਨੂੰ ਸ਼ੇਰ ਦਸਦੇ ਹੋਏ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਸੰਨੀ ਦਿਓਲ ਸਿੱਧਾ ਸਾਧਾ ਹੈ। ਉਸਨੂੰ ਬੋਲਣਾ ਨਹੀਂ ਆਉਂਦਾ ਪਰ ਮੈਂ ਕਹਿੰਦਾ ਹਾਂ ਕਿ ਸਿੱਧਾ ਇਨਸਾਨ ਹੀ ਸੇਵਾ ਕਰਦਾ ਹੈ ਕਿਉਂਕਿ ਟੇਢੇ-ਮੇਡੇ ਇਨਸਾਨ ਲੁੱਟ ਕੇ ਹੀ ਚਲੇ ਜਾਂਦੇ ਹਨ।
Sunny Deol
ਧਰਮਿੰਦਰ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਆਪਣੀ ਫ਼ਿਲਮ 'ਧਰਮਵੀਰ' ਦੇ ਡਾਇਲਾਗ ਵੀ ਸੁਣਾਏ। ਧਰਮਿੰਦਰ ਨੇ ਮੰਚ ਤੋਂ ਸੰਨੀ ਦਿਓਲ ਦੀ ਜਿੱਤ ਨੂੰ ਲੈ ਕੇ ਨਾਅਰੇ ਵੀ ਲਗਵਾਏ। ਦੱਸ ਦਈਏ ਕਿ ਸੰਨੀ ਦਿਓਲ ਨੂੰ ਭਾਜਪਾ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨਾਲ ਹੈ। ਸੁਨੀਲ ਜਾਖੜ ਦੇ ਗੁਰਦਾਸਪੁਰ ਦੀ ਸੀਟ ਜਿੱਤਣ ਤੋਂ ਪਹਿਲਾਂ ਇਹ ਸੀਟ ਵਿਨੋਦ ਖੰਨਾ ਦੇ ਕੋਲ ਸੀ ਪਰ ਉਹਨਾਂ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਇਸ ਸੀਟ ਤੋਂ ਜਿੱਤ ਚੁੱਕੇ ਹਨ।