
ਪੀੜਤਾ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ
ਸੁਨਾਮ ਊਧਮ ਸਿੰਘ ਵਾਲਾ, 17 ਮਈ (ਦਰਸ਼ਨ ਸਿੰਘ ਚੌਹਾਨ) ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦਿਆਂ ਉਸੇ ਪਰਵਾਰ ਨਾਲ ਰਹਿੰਦੇ ਨੌਜਵਾਨ ਵਲੋਂ 13 ਕੁ ਸਾਲ ਦੀ ਮਾਸੂਮ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਹਤਿਆ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੂੰ ਨਾਜ਼ੁਕ ਹਾਲਾਤਾਂ ਵਿਚ ਜੇਰੇ ਇਲਾਜ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਿਟੀ ਸੁਨਾਮ ਦੀ ਪੁਲਿਸ ਨੇ ਕਥਿਤ ਦੋਸ਼ੀ ਦੇ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ ।
ਦੋਸ਼ੀ ਹਾਲ ਦੀ ਘੜੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਥਾਣਾ ਸ਼ਹਿਰੀ ਸੁਨਾਮ ਵਿਖੇ ਤਾਇਨਾਤ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਮਹੀਪਾਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਸ਼ਹਿਰ ਅੰਦਰ ਕਿਰਾਏ ਦੇ ਮਕਾਨ ਵਿਚ ਇਕ ਔਰਤ ਅਪਣੀਆਂ ਤਿੰਨ ਬੇਟੀਆਂ ਅਤੇ ਇਕ ਮੂੰਹ ਬੋਲੇ ਬੇਟੇ ਨਾਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਕਤ ਔਰਤ ਲੋਕਾਂ ਦੇ ਘਰਾਂ ਵਿਚ ਸਫ਼ਾਈ ਦਾ ਕੰਮ ਕਰਦੀ ਹੈ ਅਤੇ ਇਸੇ ਪਰਵਾਰ ਨਾਲ ਹੀ ਮਕਾਨ ਵਿਚ ਰਹਿੰਦਾ ਲੜਕਾ ਸ਼ਹਿਰ ਦੀ ਇਕ ਫ਼ੈਕਟਰੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬਲਾਤਕਾਰ ਦੀ ਸ਼ਿਕਾਰ ਹੋਈ ਪੀੜਤ ਕੁੜੀ ਦੀ ਮਾਂ ਨੂੰ ਅਪਣੀ ਮੂੰਹ ਬੋਲੀ ਮਾਂ ਮੰਨਦਾ ਸੀ।
ਦਸਿਆ ਗਿਆ ਹੈ ਕਿ ਦਰਿੰਦਗੀ ਭਰਿਆ ਸ਼ਰਮਨਾਕ ਕਾਰਾ ਕਰਨ ਵਾਲਾ ਨੌਜਵਾਨ ਪਿਛਲੇ ਕਰੀਬ ਪੰਜ ਸਾਲ ਤੋਂ ਰਹਿੰਦਾ ਸੀ। ਪੁਲਿਸ ਅਧਿਕਾਰੀ ਮਹੀਪਾਲ ਸਿੰਘ ਨੇ ਦਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਕਤ ਔਰਤ ਅੱਜ ਅਪਣੀਆਂ ਦੋ ਬੇਟੀਆਂ ਨੂੰ ਨਾਲ ਲੈ ਕੇ ਕੰਮ ਉਤੇ ਚਲੀ ਗਈ ਅਤੇ ਘਰ ਵਿਚ ਛੋਟੀ ਧੀ ਅਤੇ ਮੂੰਹ ਬੋਲਿਆ ਪੁੱਤਰ ਰਹਿ ਗਏ। ਇਸੇ ਦੌਰਾਨ ਕਥਿਤ ਦੋਸ਼ੀ ਨੇ ਤੇਰਾਂ ਸਾਲ ਦੀ ਮਾਸੂਮ ਲੜਕੀ ਨੂੰ ਅਪਣੀ ਹਵਸ਼ ਦਾ ਸ਼ਿਕਾਰ ਬਣਾਇਆ ਅਤੇ ਬਾਅਦ ਵਿਚ ਲੜਕੀ ਦੇ ਹੱਥ ਬੰਨ੍ਹ ਕੇ ਉਸ ਦੀ ਹਤਿਆ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਅਚਾਨਕ ਮਕਾਨ ਮਾਲਕ ਘਰ ਵਿਚ ਆ ਗਿਆ ਅਤੇ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ ਅਤੇ ਡੀ.ਐਸ.ਪੀ. ਸੁਖਵਿੰਦਰਪਾਲ ਸਿੰਘ, ਸੀਆਈਏ ਇੰਚਾਰਜ ਸਤਨਾਮ ਸਿੰਘ, ਥਾਣਾ ਮੁਖੀ ਜਤਿੰਦਰਪਾਲ ਸਿੰਘ ਮੌਕੇ ਉਤੇ ਪੁੱਜੇ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਪੀੜਤਾ ਦੀ ਮਾਤਾ ਦੀ ਸ਼ਿਕਾਇਤ ਉਤੇ ਕਥਿਤ ਦੋਸ਼ੀ ਦੇ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਨੂੰ ਇਲਾਜ ਲਈ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੈਡੀਕਲ ਲਈ ਬੋਰਡ ਦਾ ਗਠਨ ਕੀਤਾ ਗਿਆ ਹੈ