
ਮਹਾਂਨਗਰ ਦੇ ਇਲਾਕੇ ਸ਼ੇਰਪੁਰ ਚੌਂਕ ਵਿਚ ਵਾਪਰੇ ਇਕ ਸੜਕ ਹਾਦਸੇ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਪਾਠੀ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ।
ਲੁਧਿਆਣਾ,17 ਮਈ (ਗੁਰਮਿੰਦਰ ਗਰੇਵਾਲ): ਮਹਾਂਨਗਰ ਦੇ ਇਲਾਕੇ ਸ਼ੇਰਪੁਰ ਚੌਂਕ ਵਿਚ ਵਾਪਰੇ ਇਕ ਸੜਕ ਹਾਦਸੇ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਪਾਠੀ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ । ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਸ਼ਰਮਾ ਕਾਲੋਨੀ ਰਾਹੋਂ ਰੋਡ ਪਿੰਡ ਹਵਾਸ ਦੇ ਰਹਿਣ ਵਾਲੇ ਮਹਿਤਾਬ ਸਿੰਘ ਦੇ ਬਿਆਨਾਂ ਉਤੇ ਅਣਪਛਾਤੇ ਵਾਹਨ ਚਾਲਕ ਦੇ ਵਿਰੁਧ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਹਿਤਾਬ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਮੇਹਰ ਸਿੰਘ (48) ਗੁਰਦੁਆਰਾ ਹਰਗੋਬਿੰਦ ਸਾਹਿਬ ਵਿਚ ਪਾਠੀ ਸਨ। ਮਹਿਤਾਬ ਸਿੰਘ ਨੇ ਦਸਿਆ ਕਿ ਸ਼ਾਮ ਵੇਲੇ ਉਨ੍ਹਾਂ ਦੇ ਪਿਤਾ ਮੇਹਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਮੋਟਰਸਾਈਕਲ ਉਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਹੇ ਸਨ।
ਇਸੇ ਦੌਰਾਨ ਜਦੋਂ ਉਹ ਸ਼ੇਰਪੁਰ ਚੌਂਕ ਵਿਚ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ ਹਾਦਸੇ ਦੇ ਦੌਰਾਨ ਮੇਹਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਸੁਰਜੀਤ ਕੌਰ (46) ਨੂੰ ਅਪੋਲੋ ਹਸਪਤਾਲ ਲਿਜਾਂਦਾ ਗਿਆ। ਹਸਪਤਾਲ ਵਿਚ ਆਉਣ ਦੇ ਕੁੱਝ ਸਮੇਂ ਬਾਅਦ ਸੁਰਜੀਤ ਕੌਰ ਨੇ ਵੀ ਦਮ ਤੋੜ ਦਿਤਾ। ਇਸ ਮਾਮਲੇ ਵਿਚ ਤਫਤੀਸ਼ੀ ਅਫ਼ਸਰ ਓਂਕਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਵਿਰੁਧ ਮੁਕੱਦਮਾ ਦਰਜ ਕਰ ਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ ।