
ਰੈਣ ਬਸੇਰੇ ਬਣਦੇ ਜਾ ਰਹੇ ਹਨ ਬੀਮਾਰੀਆਂ ਦੇ ਪੰਸੇਰੇ
ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਪਾਈਪ ਬੰਦੀ ਕਰ ਕੇ ਬੀਮਾਰੀਆਂ ਦਾ ਖ਼ਤਰਾ
ਜਲੰਧਰ 17 ਮਈ (ਅਮਰਿੰਦਰ ਸਿੱਧੂ) ਜਲੰਧਰ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਨਗਰ ਨਿਗਮ ਵੱਲੋਂ ਬਣਾਏ ਗਏ ਰੈਣ ਬਸੇਰੇ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੋਣ ਕਰਕੇ ਬਣਦੇ ਜਾ ਰਹੇ ਹਨ ਬੀਮਾਰੀਆਂ ਦਾ ਪਸੇਰਾ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਪਾਸ਼ ਅਤੇ ਵਿਕਸਿਤ ਇਲਾਕੇ ਡਿਫੈਂਸ ਕਾਲੋਨੀ ਦੇ ਨਜਦੀਕ ਬਣਿਆ ਰੈਣ ਬਸੇਰਾ ਸ਼ੁਰੂਆਤ ਮੌਕੇ ਤਾਂ ਕਈਆਂ ਦੀ ਰਾਤ ਗੁਜ਼ਾਰਨ ਲਈ ਬਣੀ ਛੱਤ ਕਾਰਣ ਖਿਚ ਦਾ ਕੇਂਦਰ ਬਣਿਆ ਸੀ, ਪਰ ਪਿਛਲੇ ਲੰਮੇ ਅਰਸੇ ਤੋਂ ਸਮੇਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਅਵੇਸਲੇਪਨ ਕਾਰਣ ਰਾਤ ਕੱਟਣ ਆਏ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਥੋੜ ਕਾਰਣ ਇਸਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ | ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਮਿਲਾਵਟ ਕਾਰਣ ਪਾਣੀ ਦੇ ਸੁਆਦ ਵਿੱਚ ਆਏ ਬਦਲਾਅ ਅਤੇ ਗਹਿਰੇਪਣ ਤੋਂ ਬਾਅਦ ਪਾਣੀ ਪੀਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਦਾ ਜਾ ਰਿਹਾ ਹੈ |
ਜ਼ਿਕਰਯੋਗ ਹੈ ਕਿ ਇਸ ਰੈਣ ਬਸੇਰੇ ਵੱਖ-ਵੱਖ ਸਮੇਂ ਮੌਕੇ ਦੀਆਂ ਰਸੂਖਦਾਰ ਸਰਕਾਰਾਂ ਅਤੇ ਅਹੁੱਦੇਦਾਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਇਸ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਠੇਕੇ ਦੇ ਆਧਾਰ 'ਤੇ ਚਲਾਉਣ ਲਈ ਦੀ ਵੀ ਵਿਵਸਥਾ ਅਪਣਾਈ ਗਈ, ਪਰ ਸਮੂਹ ਮਿਲੀਭਗਤ ਅਨੁਸਾਰ ਹੇਠਲੇ ਇਲਾਕੇ ਢੁੱਕਵੀ ਸਾਫ ਸਫਾਈ ਤੇ ਵਿਵਸਥਾ ਕਰਵਾਉਣ ਦੇ ਬਹਾਨੇ ਕੁਝ ਕੁ ਪੈਸਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਖਾਣ ਪੀਣ ਦੀ ਰੇਹੜੀਆਂ, ਨਾਈ ਦੀਆਂ ਦੁਕਾਨਾਂ, ਚਾਹ ਦੀਆਂ ਦੁਕਾਨਾਂ, ਆਟੋ ਆਦਿ ਖੜਾ ਕਰਨ 'ਤੇ ਰੋਜਗਾਰ ਦੇਣ ਦੇ ਬਹਾਨੇ ਮੋਟੀ ਵਸੂਲੀ ਕਰ ਲੁੱਟ ਖਸੁੱਟ ਦਾ ਮੁੱਦਾ ਵੀ ਉੱਭਰ ਕੇ ਸਾਹਮਣੇ ਆਇਆ ਹੈ |
ਮੌਕੇ 'ਤੇ ਰਹਿਣ ਵਾਲੇ ਹਲਵਾਈ ਦਾ ਕੰਮ ਕਰਕੇ ਜਸਵਿੰਦਰ ਸਿੰਘ ਨਾਲ ਕੀਤੀ ਗੱਲਬਾਤ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੋਣ ਲਈ ਮੁਹੱਈਆ ਕਰਨ ਵਾਲੇ ਬਿਸਤਰੇ, ਚਾਦਰਾਂ ਦੀ ਹਾਲਤ ਬਹੁਤ ਹੀ ਗੰਦੀ ਅਤੇ ਖਸਤਾ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸ਼ਰੀਰਕ ਰੋਗ ਲੱਗਣ ਦਾ ਵੀ ਡਰ ਉਜਾਗਰ ਕਰਦਾ ਹੈ | ਸੀਵਰੇਜ ਦੀ ਬਲੋਕੇਜ ਨਾਲ ਫੈਲੀ ਗੰਦਗੀ ਵੀ ਅਤੇ ਪੀਣ ਵਾਲੇ ਪਾਣੀ ਨਾਲ ਮਿਲਾਵਟ ਹੋਣ ਨਾਲ ਵੀ ਡਾਏਰੀਆ ਤੇ ਹੋਰ ਨਾਮੁਰਾਦ ਬੀਮਾਰੀਆਂ ਲੱਗਣ ਦਾ ਸਬੱਬ ਬਣਦਾ ਜਾ ਰਿਹਾ ਹੈ |
ਇਸ ਰੈਣ ਬਸੇਰੇ ਦੇ ਗਾਹੇ ਬਗਾਹੇ ਵਾਸੀ ਬਣਨ ਵਾਲੇ ਜੀਤ ਸਿੰਘ ਜੀਤਾ ਚੀਮਾ ਨੇ ਵੀ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਗੱਲਬਾਤ ਰਾਹੀਂ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਰਥਿਕ ਮੰਦੀ ਕਰਕੇ ਰਾਤ ਕੱਟਣ ਵਾਲੇ, ਬੱਸਾਂ ਦੇ ਡਰਾਈਵਰ ਅਤੇ ਕਈ ਪੁਲਿਸ ਮੁਲਾਜ਼ਮ ਵੀ ਇਸ ਰੈਣ ਬਸੇਰੇ ਵਿੱਚ ਰਾਤ ਗੁਜਾਰਦੇ ਹਨ | ਉਨ੍ਹਾਂ ਕਿਹਾ ਇਨ੍ਹਾਂ ਸਾਰਿਆਂ ਲਈ ਬਣਾਈ ਛੱਤ ਹੇਠਲੇ ਹਾਲਾਤਾਂ ਵਿੱਚ ਸੁਧਾਰ ਲਿਆਂਦਾ ਜਾਵੇ | ਇਸ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਅਤੇ ਹੁਣ ਵੀ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ਼ ਕਰਵਾਈ ਗਈ ਹੈ, ਪਰ ਹਾਲੇ ਤੱਕ ਇਸ ਉੱਪਰ ਕੋਈ ਬਣਦੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ |
ਇਸ ਸਬੰਧੀ ਥਾਣਾ ਨਵੀਂ ਬਾਰਾਦਰੀ ਦੇ ਐਸਐਚਓ ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਹਾਲੇ ਹੀ ਇਸ ਥਾਣੇ ਵਿੱਚ ਤਾਇਨਾਤ ਹੋਏ ਹਨ | ਆਪ ਵੱਲੋਂ ਧਿਆਨ ਵਿੱਚ ਲਿਆਂਦੀਆਂ ਗੱਲਾਂ 'ਤੇ ਗੌਰ ਕਰਦਿਆਂ ਢੁਕਵੀ ਵਿਵਸਥਾ ਵਿੱਚ ਸੁਧਾਰ ਲਿਆਉਣ ਦੀ ਜਲਦ ਹੀ ਕੋਸ਼ਿਸ਼ ਕੀਤੀ ਜਾਵੇਗੀ |
ਕਾਰਪੋਰੇਸ਼ਨ ਦੇ ਹੈੱਲਥ ਅਫ਼ਸਰ ਡਾ. ਕਿਸ਼ਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਸਿਰਫ਼ ਜਲੰਧਰ ਵੈਸਟ ਹਲਕੇ ਦਾ ਅਖਿਤਿਆਰ ਸੀ, ਪਿਛਲੇ 10-12 ਦਿਨਾਂ ਤੋਂ ਹੀ ਮੈਨੂੰ ਸੈਂਟਰਲ ਹਲਕੇ ਦੀ ਜ਼ਿਮ੍ਹੇਵਾਰੀ ਦਿੱਤੀ ਗਈ ਹੈ | ਸਾਡਾ ਕੰਮ ਸਬੰਧਤ ਸਾਂਭ ਸੰਭਾਲ ਕਰਨ ਵਾਲੇ ਉੱਚ ਅਧਿਕਾਰੀ ਵੱਲੋਂ ਸਾਫ਼ ਸਫਾਈ ਲਈ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦਾ ਹੁੰਦਾ ਹੈ, ਪਰ ਆਪ ਜੀ ਵੱਲੋਂ ਧਿਆਨ ਵਿੱਚ ਲਿਆਂਦੇ ਬੱਸ ਸਟੈਂਡ ਵਾਲੇ ਰੈਣ ਬਸੇਰੇ ਬਾਰੇ ਮੈਨੂੰ ਕੋਈ ਪੁਖ਼ਤਾ ਜਾਣਕਾਰੀ ਅੱਜ ਤੱਕ ਨਹੀਂ ਹੈ | ਇਸ ਸਬੰਧੀ ਉਨ੍ਹਾਂ ਵੱਲੋਂ ਐਸਈ ਬੀ.ਐਂਡ. ਆਰ ਰਜਨੀਸ਼ ਡੋਗਰਾ ਨਾਲ ਗੱਲਬਾਤ ਕਰਨ ਲਈ ਆਖਿਆ ਗਿਆ |
ਐਸਈ ਡੋਗਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਅੱਗੇ ਐਸਈ ਰਾਹੁਲ ਧਵਨ ਦੇ ਆਧਾਰ ਖੇਤਰ ਵਿੱਚ ਰੈਣ ਬਸੇਰੇ ਆਉਣ ਦਾ ਜ਼ਿਕਰ ਕੀਤਾ ਅਤੇ ਕੋਈ ਵੀ ਜਾਣਕਾਰੀ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ | ਜਦ ਪਿਛਲੇ ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਰੈਣ ਬਸੇਰਾ ਦੇ ਅਖਤਿਆਰੀ ਉੱਚ ਅਧਿਕਾਰੀ ਰਾਹੁਲ ਧਵਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਢੁਕਵਾਂ ਅਤੇ ਠੋਸ ਜੁਆਬ ਨਹੀਂ ਦਿੱਤਾ ਗਿਆ | ਗੱਲਬਾਤ ਉਨ੍ਹਾਂ ਦੱਸਿਆ ਕਿ ਸਾਡੇ ਆਧਾਰ ਖੇਤਰ ਅੰਦਰ 3 ਰੈਣ ਬਸੇਰਾ (ਬਸਤੀ ਸ਼ੇਖ, ਦੋਮੋਰੀਆ ਪੁੱਲ, ਬੱਸ ਸਟੈਂਡ) ਆਉਂਦੇ ਹਨ | ਇਨ੍ਹਾਂ ਵਿੱਚੋਂ 2 ਰੈਣ ਬਸੇਰਾ ਸਾਡਾ ਸਟਾਫ਼ ਹੀ ਚਲਾਉਂਦਾ ਹੈ ਜਦਕਿ ਬੱਸ ਸਟੈਂਡ ਵਾਲੇ ਰੈਣ ਬਸੇਰੇ ਦੀ ਜ਼ਿਮੇਵਾਰੀ ਕਿਸੇ ਐਨਜੀਓ ਨੂੰ ਦਿੱਤੀ ਗਈ ਹੈ, ਪਰ ਉਨ੍ਹਾਂ ਨੇ ਐਨਜੀਓ ਦਾ ਨਾਮ ਬਾਰੇ ਜਾਣਕਾਰੀ ਨਾ ਹੋਣਾ ਦੱਸਿਆ | ਜਦ ਉਨ੍ਹਾਂ ਨੂੰ ਮੌਕੇ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਕੋਈ ਠੋਸ ਵਾਜ਼ਿਬ ਜੁਆਬ ਨਾ ਦੇ ਸਕਣ ਕਾਰਨ ਸਿਰਫ਼ ਢੰਗ ਟਪਾਉ ਬਿਆਨ ਦੇਣ ਦੀ ਪਿਰਤ 'ਤੇ ਚਲਦਿਆਂ ਕਿਹਾ ਕਿ ਮੈਂ ਜਲਦ ਹੀ ਸਬੰਧਤ ਜੇਈ ਜਾਂ ਸੁਪਰਵਾਈਜ਼ਰ ਨੂੰ ਭੇਜ ਕੇ ਐਨਜੀਓ ਨਾਲ ਰਾਬਤਾ ਕਾਇਮ ਕਰ ਲੋੜੀਂਦੀਆਂ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਕਰਾਂਗਾ |
Photo : •al_Sidhu_17_1