
ਕਿਹਾ, ਸਿੰਥੈਟਿਕ ਨਸ਼ਿਆਂ ਤੋਂ ਬਚਣ ਲਈ ਭੁੱਕੀ ਦੀ ਦਿਤੀ ਜਾਵੇ ਖੁੱਲ੍ਹ
ਜਗਰਾਉਂ ਹਲਕੇ ਦੇ ਪਿੰਡ ਪੋਨਾ, ਗਗੜਾ ਤੇ ਹੋਰ ਥਾਵਾਂ ’ਤੇ ਅੱਜ ਧੰਨਵਾਦੀ ਦੌਰੇ ’ਤੇ ਪਹੁੰਚੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਸ਼ਿਆਂ ਦੀ ਸੂਬੇ ਅੰਦਰ ਮੰਗ ਦੇ ਹਿਸਾਬ ਨਾਲ ਸਪਲਾਈ ਖ਼ਤਮ ਕਰਨੀ ਅਸੰਭਵ ਹੈ। ਪੰਜਾਬ ਸਰਕਾਰ ਨੇ ਜੰਗੀ ਪੱਧਰ ’ਤੇ ਨਸ਼ਿਆਂ ਵਿਰੁਧ ਜੰਗ ਛੇੜ ਰੱਖੀ ਹੈ ਪਰ, ਇਹ ਸਾਰਥਕ ਸਿੱਧ ਨਹੀਂ ਹੋਣੀ। ਸਿੰਥੈਟਿਕ ਨਸ਼ਿਆਂ ਦੇ ਬਦਲ ਵਜੋਂ ਭੁੱਕੀ ਵਰਗੇ ਨਸ਼ਿਆਂ ਦੀ ਖੁੱਲ੍ਹ ਦੇਣੀ ਹੀ ਪੈਣੀ ਹੈ।
ਜੇ ਅਜਿਹਾ ਨਹੀਂ ਕਰਦੇ ਤਾਂ ਕੱਲ੍ਹ ਨੂੰ ਕਾਂਗਰਸ ਸਰਕਾਰ ਬਣਨ ’ਤੇ ਵੀ ਇਹੀ ਮੁਸ਼ਕਲ ਆਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਹੀ ਰਾਇ ਲੈ ਕੇ ਕੋਈ ਨੀਤੀ ਬਣਾਉਣੀ ਪਵੇਗੀ ਜੇਕਰ ਲੋਕ ਸਹਿਮਤ ਹੋਣਗੇ ਤਾਂ ਕੁਝ ਸ਼ਰਤਾਂ ਤੇ ਨਿਯਮਾਂ ਨਾਲ ਭੁੱਕੀ ਆਦਿ ਦੀ ਖੁੱਲ੍ਹ ਦਿਤੀ ਜਾਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਮੁਫ਼ਤ ਦੀਆਂ ਸਹੂਲਤਾਂ ਬਾਰੇ ਵੀ ਵਿਚਾਰਨ ’ਤੇ ਜ਼ੋਰ ਦਿਤਾ ਤੇ ਕਿਹਾ ਕਿ ਸੂਬਾ ਇਸ ਸਮੇਂ ਭਾਰੀ ਕਰਜ਼ੇ ਹੇਠ ਹੈ।
ਪਿੰਡ ਪੋਨਾ, ਗਗੜਾ, ਗਾਲਿਬ ਖੁਰਦ ਨੂੰ 5-5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਇਕੱਠ ਵਿਚ ਹਾਜ਼ਰ ਲੋਕਾਂ ਤੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਪੁੱਛੀ। ਪਿੰਡ ਪੋਨਾ ਪੁੱਜਣ ’ਤੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਤੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ ਨੇ ਰਾਜਾ ਵੜਿੰਗ ਨੂੰ ਸਨਮਾਨਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਜੱਗਾ ਹਿੱਸੋਵਾਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਵਦੀਪ ਗਰੇਵਾਲ, ਮਨੀ ਗਰਗ ਤੇ ਸਤਿੰਦਰਜੀਤ ਤਤਲਾ ਆਦਿ ਪਿੰਡ ਪੋਨਾ ਪੁੱਜਣ ’ਤੇ ਸਰਪੰਚ ਕਾਂਗਰਸੀ ਆਗੂ ਹਾਜ਼ਰ ਸਨ।