
ਐਸਆਈਟੀ ਦੀ ਕਾਰਵਾਈ ਨੂੰ ਬਿਲਕੁੱਲ ਵੀ ਠੀਕ ਨਹੀਂ ਮੰਨਿਆ ਜਾ ਸਕਦਾ : ਬਰਾੜ
ਕੋਟਕਪੂਰਾ, 17 ਜੂਨ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਕਸਬਾ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੋਂ 2 ਦਿਨ ਬਾਅਦ ਅਰਥਾਤ 14 ਅਕਤੂਬਰ ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਨਾਲ ਸਬੰਧਤ ਬਹੁ ਚਰਚਿਤ ਬਹਿਬਲ ਗੋਲੀਕਾਂਡ 'ਚ ਪੁਲਿਸ ਵਲੋਂ ਬੀਤੀ ਸ਼ਾਮ ਫਰੀਦਕੋਟ ਦੇ ਨੋਜਵਾਨ ਵਕੀਲ ਸੁਹੇਲ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਪੁਲਿਸ ਨੂੰ 21 ਜੂਨ ਤੱਕ ਦਾ ਰਿਮਾਂਡ ਦੇ ਦਿਤਾ।
ਪੁਲਿਸ ਨੇ ਬਹੁਤ ਹੀ ਸੁਰੱਖਿਆ ਪ੍ਰਬੰਧਾਂ 'ਚ ਸੁਹੇਲ ਸਿੰਘ ਬਰਾੜ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਕਿਸੇ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਇ ਐਸਐਚਓ ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਸੁਹੇਲ ਸਿੰਘ ਬਰਾੜ ਨੂੰ ਲੈ ਕੇ ਅਦਾਲਤ 'ਚੋਂ ਰਵਾਨਾ ਹੋ ਗਈ। ਬਹਿਬਲ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਮੁਤਾਬਕ ਸੁਹੇਲ ਸਿੰਘ ਬਰਾੜ ਦੀ ਲਾਇਸੰਸੀ ਬੰਦੂਕ ਪੁਲਿਸ ਨੇ ਜਿਪਸੀ 'ਚ ਕਥਿੱਤ ਤੌਰ 'ਤੇ ਗੋਲੀਆਂ ਮਾਰਨ ਲਈ ਵਰਤੀ ਸੀ।
ਉਸ ਸਮੇਂ ਬਾਦਲ ਸਰਕਾਰ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਐਸਐਸਪੀ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ 'ਚ ਧਰਨਾਕਾਰੀਆਂ ਨੇ 12 ਬੋਰ ਦੀ ਬੰਦੂਕ ਨਾਲ ਗੋਲੀਆਂ ਮਾਰੀਆਂ ਸਨ, ਜਿਪਸੀ 'ਤੇ ਫਾਇਰਿੰਗ ਨਾਲ 18 ਨਿਸ਼ਾਨ ਪੈ ਜਾਣ ਦਾ ਵੀ ਦਾਅਵਾ ਕਰਦਿਆਂ ਪੁਲਿਸ ਨੇ ਆਖਿਆ ਸੀ ਕਿ ਉਸ ਨੇ ਸਵੈ-ਰੱਖਿਆ ਲਈ ਜਵਾਬੀ ਫਾਇਰਿੰਗ ਕੀਤੀ ਤਾਂ ਦੋ ਸਿੱਖ ਨੌਜਵਾਨ ਦੀ ਮੌਤ ਹੋ ਗਈ ਤੇ ਕੁਝ ਹੋਰ ਜ਼ਖ਼ਮੀ ਹੋ ਗਏ ਸਨ। ਪਰ ਐਸਆਈਟੀ ਨੇ ਪਿਛਲੇ ਸਾਲ ਅਪਣੀ ਪੜਤਾਲ ਦੌਰਾਨ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਝੂਠੀ ਕਹਾਣੀ ਤੋਂ ਪਰਦਾ ਚੁੱਕ ਦਿਤਾ ਸੀ।
File Photo
ਐਸਆਈਟੀ ਮੁਤਾਬਿਕ ਘਟਨਾ ਵਾਲੇ ਦਿਨ ਹੀ 14 ਅਕਤੂਬਰ 2015 ਨੂੰ ਉਕਤ ਜਿਪਸੀ ਸੁਹੇਲ ਸਿੰਘ ਬਰਾੜ ਦੇ ਘਰ ਲਿਆਂਦੀ ਗਈ ਤੇ ਉੱਥੇ ਹੀ ਉਸ ਉੱਪਰ ਫਾਇਰਿੰਗ ਕੀਤੀ ਗਈ। ਜਿਕਰਯੋਗ ਹੈ ਕਿ ਐਸਆਈਟੀ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੌਕੇ ਦੇ ਸਾਰੇ ਗਵਾਹਾਂ ਨੇ ਆਪਣੇ ਬਿਆਨਾ 'ਚ ਰੋਸ ਧਰਨੇ ਨੂੰ ਸ਼ਾਂਤਮਈ ਅਤੇ ਧਰਨਾਕਾਰੀਆਂ ਦਾ ਪੁਲਿਸ ਪ੍ਰਤੀ ਰਵੱਈਆ ਸਦਭਾਵਨਾ ਵਾਲਾ ਦੱਸਿਆ। ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਸੁਹੇਲ ਸਿੰਘ ਬਰਾੜ ਨੂੰ ਫਰਵਰੀ 2019 'ਚ ਜਾਂਚ ਟੀਮ ਨੇ ਗਵਾਹ ਬਣਾ ਲਿਆ ਸੀ ਅਤੇ ਅਦਾਲਤ 'ਚ ਉਸ ਨੇ 164 ਸੀਆਰਪੀਸੀ ਤਹਿਤ ਬਿਆਨ ਵੀ ਦਰਜ ਕਰਵਾਇਆ ਸੀ
ਪਰ ਹੁਣ ਪੁਲਿਸ ਨੇ ਸੁਹੇਲ ਸਿੰਘ ਬਰਾੜ ਨੂੰ ਬਹਿਬਲ ਗੋਲੀਕਾਂਡ 'ਚ ਮੁਲਜਮ ਵਜੋਂ ਨਾਮਜਦ ਕਰ ਲਿਆ ਹੈ। ਸੁਹੇਲ ਸਿੰਘ ਬਰਾੜ ਦੇ ਪਿਤਾ ਸੁਰਿੰਦਰ ਇਕਬਾਲ ਸਿੰਘ ਬਰਾੜ ਕਾਂਗਰਸ ਦੇ ਜਿਲਾ ਪ੍ਰਧਾਨ ਰਹਿਣ ਮੌਕੇ ਜਗਮੀਤ ਸਿੰਘ ਬਰਾੜ ਦੇ ਬਹੁਤ ਨੇੜੇ ਰਹੇ ਤੇ ਬਾਅਦ 'ਚ ਅਕਾਲੀ ਦਲ 'ਚ ਸ਼ਾਮਲ ਹੋਣ ਉਪਰੰਤ ਉਨਾਂ ਨੂੰ ਸੁਖਬੀਰ ਸਿੰਘ ਬਾਦਲ ਦਾ ਨਜਦੀਕੀ ਮੰਨਿਆ ਜਾਣ ਲੱਗਾ। ਬਰਾੜ ਪਰਿਵਾਰ ਦੇ ਅਕਾਲੀਆਂ ਅਤੇ ਕਾਂਗਰਸੀਆਂ ਨਾਲ ਅੱਜ ਵੀ ਗੂੜੇ ਸਬੰਧ ਹਨ। ਬਹਿਬਲ ਗੋਲੀਕਾਂਡ ਦੇ ਮਾਮਲੇ 'ਚ ਐਸਆਈਟੀ ਵਲੋਂ ਕੀਤੀ ਗਈ
ਇਹ ਦੂਜੀ ਗ੍ਰਿਫਤਾਰੀ ਹੈ। ਕਿਉਂਕਿ ਇਸ ਤੋਂ ਪਹਿਲਾਂ ਜਾਂਚ ਟੀਮ ਫਰੀਦਕੋਟ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਦੋਂ ਕਿ ਐਸ.ਪੀ. ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖਾਨਾ ਥਾਣੇ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਦੀ ਗ੍ਰਿਫਤਾਰੀ 'ਤੇ ਹਾਈਕੋਰਟ ਨੇ ਰੋਕ ਲਾਈ ਹੋਈ ਹੈ।
ਸੁਹੇਲ ਸਿੰਘ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਇਸ ਮਾਮਲੇ ਨੂੰ ਐਸਆਈਟੀ ਵਲੋਂ ਗਲਤ ਕਰਾਰ ਦਿੰਦਿਆਂ ਆਖਿਆ ਕਿ ਐਸਆਈਟੀ ਨੇ ਸੁਹੇਲ ਸਿੰਘ ਨੂੰ ਪਹਿਲਾਂ ਗਵਾਹ ਬਣਾ ਲਿਆ, ਉਸਦੇ ਸੀਪੀਆਰਸੀ 164 ਤਹਿਤ ਬਿਆਨ ਵੀ ਦਰਜ ਹੋਏ, ਫਿਰ ਪੰਕਜ ਮੋਟਰਜ਼ ਫਰੀਦਕੋਟ ਦੇ ਮੈਨੇਜਰ ਅਤੇ ਮਾਲਕ ਦੇ ਗੰਨਮੈਨ ਦੇ ਵੀ ਬਿਆਨ ਦਰਜ ਕੀਤੇ ਗਏ ਪਰ ਹੁਣ ਸੁਹੇਲ ਸਿੰਘ ਨੂੰ ਮੁਲਜ਼ਮ ਬਣਾ ਕੇ ਗ੍ਰਿਫਤਾਰ ਕਰ ਲੈਣਾ ਠੀਕ ਨਹੀਂ।