
2022 ਚੋਣਾਂ ਤੋਂ ਬਾਅਦ ਬੀ.ਐਸ.ਪੀ. ਨੂੰ ਅਕਾਲੀਆਂ ਨਾਲ ਸਮਝੌਤੇ ਲਈ ਪਛਤਾਉਣਾ ਪਵੇਗਾ: ਢੀਂਡਸਾ
ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਸੁਖਵਿੰਦਰਪਾਲ ਸਿੰਘ ਸੁੱਖੂ): ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਵਿਧਾਨ ਸਭਾ ਸੀਟਾਂ ਚੋਣ ਗਠਜੋੜ ਵਿਚ ਛਡਣੀਆਂ ਸਾਰਿਆਂ ਤੋਂ ਵੱਡਾ ਗੁਨਾਹ ਹੈ ਜਿਸ ਨਾਲ ਸੂਬੇ ਦੇ ਲੋਕ ਆਪ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਲੋਕ ਕਿੰਨੇ ਕੁ ਪੰਥਕ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਸਮੁੱਚੀ ਲੀਡਰਸ਼ਿਪ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ |
ਉਨ੍ਹਾਂ ਅਕਾਲੀ-ਬਸਪਾ ਸਮਝੌਤੇ ਬਾਰੇ ਕਿਹਾ ਕਿ ਚੋਣਾਂ ਤੋਂ ਬਾਅਦ ਬਸਪਾ ਨੂੰ ਸਿਰਫ ਪਛਤਾਵਾ ਹੀ ਹੋਵੇਗਾ, ਹੋਰ ਕੁਝ ਨਹੀਂ | ਢੀਂਡਸਾ ਨੇ ਕਿਹਾ ਕਿ ਚੋਣਾਂ ਆਉਣ ਕਰ ਕੇ ਗਠਜੋੜਾਂ ਦਾ ਦੌਰ ਆ ਚੁੱਕਾ ਹੈ ਅਤੇ ਉਹ ਕਾਂਗਰਸ, ਭਾਜਪਾ ਅਤੇ ਬਾਦਲਾਂ ਨੂੰ ਛੱਡ ਕੇ ਹੋਰ ਕਿਸੇ ਵੀ ਧਿਰ ਨਾਲ ਗਠਜੋੜ ਕਰ ਸਕਦੇ ਹਨ | ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਸੀਟ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆਪ ਖੁਦ ਲੜੇਗਾ | ਢੀਂਡਸਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਝੂਠ ਬੋਲ ਰਹੇ ਹਨ, ਉਨ੍ਹਾਂ ਦੇ ਕਈ ਮੰਤਰੀ ਭਿ੍ਸ਼ਟਾਚਾਰ ਵਿਚ ਸ਼ਾਮਲ ਹਨ ਪਰ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਰਣਜੀਤ ਸਿੰਘ ਤਲਵੰਡੀ, ਉਜਾਗਰ ਸਿੰਘ ਬਡਾਲੀ, ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ, ਜਗਦੀਸ਼ ਸਿੰਘ ਗਰਚਾ, ਭੁਪਿੰਦਰ ਸਿੰਘ ਬਜਰੂੜ, ਸੁਰਜੀਤ ਸਿੰਘ ਚੇਹੜ ਮਜਾਰਾ, ਮਲਕੀਤ ਸਿੰਘ ਛੱਜਾ, imageਗੁਰਮੀਤ ਕੌਰ, ਜਰਨੈਲ ਕੌਰ ਆਦਿ ਹਾਜ਼ਰ ਸਨ |
ਫੋਟੋ ਰੋਪੜ-17-14 ਤੋਂ ਪ੍ਰਾਪਤ ਕਰੋ ਜੀ |
ਸ੍ਰੀ ਅਨੰਦਪੁਰ ਸਾਹਿਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ | ਨਾਲ ਹਨ ਜਥੇਦਾਰ ਬ੍ਰਹਮਪੁਰਾ , ਕਰਨੈਲ ਸਿੰਘ ਪੀਰ ਮੁਹੰਮਦ, ਭੁਪਿੰਦਰ ਸਿੰਘ ਬਜਰੂੜ ਅਤੇ ਹੋਰ |