
ਕੇਜਰੀਵਾਲ ਨੇ ਘਰ-ਘਰ ਰਾਸ਼ਨ ਸਕੀਮ ਨੂੰ ਮਨਜ਼ੂਰੀ ਲਈ ਮੁੜ ਰਾਜਪਾਲ ਕੋਲ ਭੇਜਿਆ
ਨਵੀਂ ਦਿੱਲੀ, 17 ਜੂਨ : ਕੇਂਦਰ ਸਰਕਾਰ ਵਲੋਂ ਯੋਜਨਾ ’ਤੇ ਰੋਕ ਲਗਾਏ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਕ ਵਾਰ ਫਿਰ ਘਰ-ਘਰ ਰਾਸ਼ਨ ਸਕੀਮ ਨੂੰ ਮਨਜ਼ੂਰੀ ਲਈ ਉਪ ਰਾਜਪਾਲ ਅਨਿਲ ਬੈਜਲ ਕੋਲ ਭੇਜਿਆ ਹੈ। ਕੇਜਰੀਵਾਲ ਨੇ ਨਾਲ ਇਕ ਚਿੱਠੀ ਲਿਖੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਾਡੀ ਸਕੀਮ ਕਾਨੂੰਨ ਅਨੁਸਾਰ ਸਹੀ ਹੈ। ਇਹ ਸਕੀਮ ਕੇਂਦਰ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਨ ਲਈ ਲਿਆਂਦੀ ਗਈ ਹੈ। ਉਨ੍ਹਾਂ ਨੇ ਲਿਖਿਆ ਕਿ ਪਿਛਲੇ 3 ਸਾਲਾਂ ਵਿਚ 4 ਵਾਰ ਉਪ ਰਾਜਪਾਲ ਨੂੰ ਘਰ-ਘਰ ਰਾਸ਼ਨ ਸਕੀਮ ਦੀ ਕੈਬਨਿਟ ਦੇ ਫ਼ੈਸਲੇ ਦੀ ਜਾਣਕਾਰੀ ਦਿਤੀ ਗਈ ਪਰ ਉਨ੍ਹਾਂ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਇਸ ਸਕੀਮ ਨੂੰ ਰੋਕਣਾ ਗ਼ਲਤ ਹੈ। ਫ਼ਰਵਰੀ ਮਹੀਨੇ ਇਸ ਨੂੰ ਲਾਗੂ ਕਰਨ ਦੀ ਨੋਟੀਫ਼ਿਕੇਸ਼ਨ ਦਾ ਵੀ ਉਪ ਰਾਜਪਾਲ ਨੇ ਵਿਰੋਧ ਨਹੀਂ ਕੀਤਾ। ਉਨ੍ਹਾਂ ਨੂੰ ਇਹ ਜਾਣਕਾਰੀ ਸੀ ਕਿ ਸਕੀਮ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਲਾਗੂ ਹੋਣ ਦੀ ਤਿਆਰੀ ਵਿਚ ਸੀ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਇਤਰਾਜ਼ ਕੀਤੇ ਉਹ ਸਾਰੇ ਠੀਕ ਕਰ ਦਿਤੇ ਗਏ ਹਨ। (ਪੀਅੀਆਈ)