
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵਲੋਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਵਰਚੁਅਲ ਕਾਨਫ਼ਰੰਸ
ਚੰਡੀਗੜ੍ਹ, 17 ਜੂਨ (ਸੱਤੀ): ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਸ਼ੀਲ ਚੰਦਰ, ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ੍ਰੀ ਅਨੂਪ ਚੰਦਰ ਪਾਂਡੇ ਦੀ ਅਗਵਾਈ ਵਿਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓ) ਨਾਲ ਇਕ ਵਰਚੁਅਲ ਕਾਨਫ਼ਰੰਸ ਕੀਤੀ ਗਈ। ਇਹ ਕਾਨਫ਼ਰੰਸ ਚੋਣਾਂ ਕਰਵਾ ਚੁੱਕੇ ਰਾਜਾਂ ਦੇ ਤਜਰਬਿਆਂ ਦਾ ਪਤਾ ਲਗਾਉਣ ਅਤੇ ਆਉਣ ਵਾਲੇ ਸਮੇਂ ਵਿਚ ਚੋਣਾਂ ਕਰਵਾਉਣ ਜਾ ਰਹੇ ਸੂਬਿਆਂ ਵਿਚ ਸੁਚੱਜਾ ਪ੍ਰਬੰਧਨ ਕਰਨ ਦੇ ਮੱਦੇਨਜ਼ਰ ਕਰਵਾਈ ਗਈ। ਇਹ ਕਾਨਫ਼ਰੰਸ ਨਿਰਵਿਘਨ, ਕੁਸ਼ਲ ਅਤੇ ਆਸਾਨ ਵੋਟਰ ਸੇਵਾਵਾਂ, ਆਈ.ਟੀ ਐਪਲੀਕੇਸ਼ਨਾਂ ਦਾ ਏਕੀਕਰਣ, ਵਿਆਪਕ ਵੋਟਰ ਪਹੁੰਚ ਪ੍ਰੋਗਰਾਮ, ਖ਼ਰਚਿਆਂ ਦੀ ਨਿਗਰਾਨੀ ਅਤੇ ਸਮਰੱਥਾ ਵਧਾਉਣ ਆਦਿ ਵਿਸ਼ਿਆਂ ’ਤੇ ਕੇਂਦ੍ਰਤ ਸੀ।
ਹਾਲ ਹੀ ਵਿਚ ਪੰਜ ਰਾਜਾਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆਂ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਨੇ ਦਸਿਆ ਕਿ ਮਹਾਂਮਾਰੀ ਦੌਰਾਨ ਇੰਨੇ ਵੱਡੇ ਵੋਟਰ ਅਧਾਰ ਵਾਲੇ ਖਿੱਤੇ ਵਿਚ ਸਹਿਜਤਾ ਨਾਲ ਚੋਣਾਂ ਕਰਵਾ ਕੇ ਭਾਰਤ ਨੇ ਦੁਨੀਆਂ ਲਈ ਇਕ ਸਫਲ ਮਿਸਾਲ ਪੇਸ਼ ਕੀਤੀ ਹੈ। ਮੁੱਖ ਚੋਣ ਕਮਿਸ਼ਨਰ ਨੇ ਪੰਜਾਬ ਸਮੇਤ ਚੋਣਾਂ ਕਰਵਾਉਣ ਜਾ ਰਹੇ ਰਾਜਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਸੂਬਿਆਂ ਦੇ ਤਜਰਬਿਆਂ ਤੋਂ ਸਿੱਖਣ ਦੀ ਲੋੜ ਹੈ ਜਿਥੇ ਹਾਲ ਹੀ ਵਿਚ ਚੋਣਾਂ ਹੋਈਆਂ ਹਨ। ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਵਲੋਂ ਅਗਲੇ ਸਾਲ ਦੇ ਸ਼ੁਰੂ ਵਿਚ ਚੋਣਾਂ ਕਰਵਾਉਣ ਜਾ ਰਹੇ ਸੂਬਿਆਂ ਦੇ ਸੀ.ਈ.ਓਜ਼. ਨਾਲ ਦੋ ਦਿਨਾ ਕਾਨਫ਼ਰੰਸ ਕੀਤੀ ਜਾਵੇਗੀ। ਇਨ੍ਹਾਂ ਰਾਜਾਂ ਵਿਚ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਸ਼ਾਮਲ ਹਨ। ਆਗਾਮੀ ਚੋਣਾਂ ਵਾਲੇ ਰਾਜਾਂ ਨਾਲ ਦੋ ਦਿਨਾ ਕਾਨਫ਼ਰੰਸ ਤੋਂ ਪਹਿਲਾਂ ਚੋਣ ਕਮਿਸ਼ਨ ਵਲੋਂ ਚੋਣਾਂ ਕਰਵਾ ਚੁੱਕੇ ਪੰਜ ਰਾਜਾਂ ਨਾਲ ਇਕ ਵਰਚੁਅਲ ਕਾਨਫ਼ਰੰਸ ਕਰਨ ਦੀ ਵੀ ਸਹੂਲਤ ਦਿਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ, ਆਈ.ਏ.ਐਸ. ਅਤੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐਸ. ਸ਼ਾਮਲ ਹੋਏ।