
ਮਹਾਨ ਸਿੱਖ ਗੁਰੂਆਂ ਨੇ ਸਾਨੂੰ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਵਿਚ ਦੇਸ਼ ਭਗਤੀ, ਬਰਾਬਰੀ ਅਤੇ ਸਦਭਾਵਨਾ ਦਾ ਪਾਠ ਪੜ੍ਹਾਇਆ।
ਗੁਰਦਾਸਪੁਰ - ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਗੁਰਦਾਸਪੁਰ 'ਚ ਰੈਲੀ ਕਰ ਰਹੇ ਹਨ। ਇੱਥੇ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਨਮਨ ਕੀਤਾ ਤੇ ਇੱਥੇ ਗੁਰਦਾਸਪੁਰ ਦੀ ਧਰਤੀ ਤੋਂ ਹੀ ਕਰਤਾਰਪੁਰ ਸਾਹਿਬ ਨੂੰ ਵੀ ਮੱਥਾ ਟੇਕਿਆ। ਅਮਿਤ ਸ਼ਾਹ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਵਿਚ ਤਿਰੰਗੇ ਦੇ ਤਿਨੋਂ ਰੰਗ ਦੇਖਣ ਨੂੰ ਮਿਲਦੇ ਹਨ। ਭਗਵਾ ਰੰਗ ਸ਼ਹੀਦਾਂ ਦੀ ਕੁਰਬਾਨੀ ਦੇ ਅਰਥਾਂ ਵਿਚ, ਚਿੱਟਾ ਰੰਗ ਗੁਰੂਆਂ ਦੇ ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਵਿਚ ਦੇਖਿਆ ਜਾਂਦਾ ਹੈ ਅਤੇ ਜਦੋਂ ਅੰਨ ਦੇਣ ਵਾਲੇ ਅੰਨਦਾਤਾ ਦੇਸ਼ ਦੇ ਗੋਦਾਮਾਂ ਨੂੰ ਭਰਦੇ ਹਨ ਤਾਂ ਸਾਨੂੰ ਹਰਾ ਰੰਗ ਵੀ ਦੇਖਣ ਨੂੰ ਮਿਲਦਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਵਿਚ ਦੇਸ਼ ਭਗਤੀ, ਬਰਾਬਰੀ ਅਤੇ ਸਦਭਾਵਨਾ ਦਾ ਪਾਠ ਪੜ੍ਹਾਇਆ। ਇਸ ਦੇ ਚੱਲਦਿਆਂ ਪੰਜਾਬ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਹਰ ਸੰਕਟ ਵਿਚ ਪੂਰੇ ਦੇਸ਼ ਦੀ ਰਾਖੀ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਮੁਸੀਬਤਾਂ ਦੀ ਡਟ ਕੇ ਸਾਹਮਣਾ ਕੀਤਾ ਹੈ।
Amit Shah
ਇਸ ਦੌਰੇ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ 'ਤੇ ਵੀ ਤੰਜ਼ ਕੱਸਿਆ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਭਾਵੇਂ ਸੀਐਮ ਹੋਵੇ ਜਾਂ ਪਾਇਲਟ, ਉਹ ਹਰ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੀ ਘੁੰਮਦੇ ਰਹਿੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਿਚ ਅਜਿਹੀ ਸਰਕਾਰ ਪਹਿਲਾਂ ਕਦੇ ਨਹੀਂ ਦੇਖੀ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ 'ਚ ਕਦੇ ਵੀ ਆਮ ਆਦਮੀ ਪਾਰਟੀ ਵਾਂਗ ਖਾਲੀ ਵਾਅਦੇ ਕਰਦੀ ਸਰਕਾਰ ਨਹੀਂ ਦੇਖੀ। ਇੱਥੋਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੀ ਦੇਸ਼ ਦਾ ਦੌਰਾ ਕਰਵਾਉਂਦਾ ਰਹਿੰਦਾ ਹੈ। ਮੁੱਖ ਮੰਤਰੀ ਦਾ ਸਾਰਾ ਸਮਾਂ ਕੇਜਰੀਵਾਲ ਦੇ ਦੌਰੇ 'ਤੇ ਹੀ ਲੰਘ ਜਾਂਦਾ ਹੈ, ਜਿਸ ਕਾਰਨ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਪਰ ਮੁੱਖ ਮੰਤਰੀ ਕੋਲ ਪੰਜਾਬ ਲਈ ਸਮਾਂ ਨਹੀਂ ਹੈ।
Union Home Minister Amit Shah
ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿਚ ਭਾਰਤ ਦਾ ਮਾਣ ਵਧਾਇਆ ਹੈ। ਮੋਦੀ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਕੰਮ ਕੀਤਾ। ਪੀਐੱਮ ਮੋਦੀ G7 ਸਿਖਰ ਸੰਮੇਲਨ ਵਿਚ ਗਏ ਸੀ ਅਤੇ ਉਥੋਂ ਅਫ਼ਰੀਕਾ ਗਏ ਸੀ। ਕੋਈ ਆਟੋਗ੍ਰਾਫ ਮੰਗਦਾ ਹੈ, ਕੋਈ ਆਪਣਾ ਸਮਾਂ ਮੰਗਦਾ ਹੈ, ਕੋਈ ਉਨ੍ਹਾਂ ਦੇ ਪੈਰ ਛੂਹ ਲੈਂਦਾ ਹੈ। ਮੋਦੀ ਜਿੱਥੇ ਵੀ ਜਾਂਦੇ ਹਨ, ਮੋਦੀ-ਮੋਦੀ ਦੇ ਨਾਅਰੇ ਲਗਦੇ ਹਨ ਅਤੇ ਇਹ ਨਾਅਰੇ ਭਾਜਪਾ ਜਾਂ ਮੋਦੀ ਦੇ ਨਹੀਂ ਹਨ... ਇਹ ਨਾਅਰੇ ਦੇਸ਼ ਦੀ ਇੱਜ਼ਤ ਲਈ ਲਗਾਏ ਜਾਂਦੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ 1984 ਵਿਚ ਕਾਂਗਰਸ ਲੀਡਰਸ਼ਿਪ ਵੱਲੋਂ ਕੀਤੇ ਗਏ ਕਤਲੇਆਮ ਵਿਚ ਹਜ਼ਾਰਾਂ ਬੇਕਸੂਰ ਸਿੱਖ ਭੈਣਾਂ-ਭਰਾਵਾਂ ਦੀ ਮੌਤ ਹੋ ਗਈ ਸੀ। 1984 ਤੋਂ 2014 ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦਾ ਕੰਮ ਨਰਿੰਦਰ ਮੋਦੀ ਸਰਕਾਰ ਨੇ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਵਰਕਰਾਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਜਾਖੜ ਨੇ ਫੌਜ ਵਿਚ ਗੁਰਦਾਸਪੁਰ ਦੇ ਲੋਕਾਂ ਦੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਦੀ ਵੀ ਗੱਲ ਕੀਤੀ ਅਤੇ ਇੱਥੋਂ ਦੀ ਲੀਚੀ ਅਤੇ ਗੰਨੇ ਦੀ ਪੈਦਾਵਾਰ ਵਿੱਚ ਗੁਰਦਾਸਪੁਰ ਦੇ ਯੋਗਦਾਨ ਬਾਰੇ ਵੀ ਗੱਲ ਕੀਤੀ। ਉਹਨਾਂ ਨੇ 1965 ਦੀ ਜੰਗ ਵਿਚ ਫੜੇ ਗਏ ਪਾਕਿਸਤਾਨੀ ਪੈਟਰੋਨ ਟੈਂਕਾਂ ਦੀ ਕਹਾਣੀ ਵੀ ਸੁਣਾਈ। ਜਿਸ ਵਿਚ ਉਨ੍ਹਾਂ ਬਟਾਲਾ ਵਿਚ ਬਣੇ ਟੈਂਕੀ ਦੇ ਸਪੇਅਰ ਪਾਰਟਸ ਦੀ ਗੱਲ ਕੀਤੀ। ਜਾਖੜ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਵਿਚ ਹੁਨਰ ਹੈ, ਉਨ੍ਹਾਂ ਨੂੰ ਸਿਰਫ਼ ਇੱਕ ਮੌਕੇ ਦੀ ਲੋੜ ਹੈ।