
ਸਰਕਾਰ ਨੇ ਕੁਦਰਤੀ ਆਫਤਾਂ ਨਾਲ ਪਿਛਲੇ ਇਕ ਸਾਲ ਵਿਚ ਕਿਸਾਨਾਂ ਦੀ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਲਈ 32.82 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਮਨਜ਼ੂਰ ਕੀਤੀ ਹੈ........
ਚੰਡੀਗੜ੍ਹ: ਸਰਕਾਰ ਨੇ ਕੁਦਰਤੀ ਆਫਤਾਂ ਨਾਲ ਪਿਛਲੇ ਇਕ ਸਾਲ ਵਿਚ ਕਿਸਾਨਾਂ ਦੀ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਲਈ 32.82 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਜੂਨ 2017 ਤੋਂ ਜੁਲਾਈ 2018 ਤੱਕ ਪੰਜਾਬ ਦੇ 8 ਜ਼ਿਲ੍ਹਿਆਂ ਦੀ 51788 ਏਕੜ ਵਿਚਲੀ ਫ਼ਸਲ ਦੇ ਖ਼ਰਾਬੇ ਲਈ ਪੰਜਾਬ ਸਰਕਾਰ ਨੇ 32 ਕਰੋੜ 82 ਲੱਖ 43,328 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਖ਼ਰਾਬ ਮੌਸਮ ਕਾਰਨ ਪਟਿਆਲਾ ਜ਼ਿਲ੍ਹੇ ਵਿਚ 29120 ਏਕੜ ਲਈ 17 ਕਰੋੜ 53 ਲੱਖ 8900 ਰੁਪਏ, ਸੰਗਰੂਰ ਜ਼ਿਲ੍ਹੇ ਵਿਚ 4150 ਏਕੜ ਲਈ 2 ਕਰੋੜ 27 ਲੱਖ 63248 ਰੁਪਏ,
ਐਸਬੀਐਸ ਨਗਰ ਵਿਚ 3843 ਏਕੜ ਲਈ 2 ਕਰੋੜ 80 ਲੱਖ 74978 ਰੁਪਏ ਅਤੇ ਬਰਨਾਲਾ ਜ਼ਿਲ੍ਹੇ ਵਿਚ 5412 ਏਕੜ ਲਈ 2 ਕਰੋੜ 92 ਲੱਖ 29289 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। ਕਪੂਰਥਲਾ, ਅੰਮ੍ਰਿਤਸਰ, ਫਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ਦੀ ਕੁੱਲ 9260 ਏਕੜ ਵਿਚ ਖ਼ਰਾਬ ਹੋਈ ਫਸਲ ਲਈ 7 ਕਰੋੜ 28 ਲੱਖ 66913 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। ਮਾਲ ਮੰਤਰੀ ਨੇ ਕਿਹਾ ਕਿ ਇਹ ਰਾਹਤ ਫ਼ਸਲਾਂ ਦੇ ਖ਼ਰਾਬੇ ਕਾਰਣ ਕਿਸਾਨਾਂ ਨੂੰ ਪਏ ਵਿੱਤੀ ਘਾਟੇ ਨੂੰ ਦੂਰ ਕਰਨ ਵਿਚ ਸਹਾਈ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਕਾਂਗਰਸ ਸਰਕਾਰ ਹਮੇਸ਼ਾ ਅੱਗੇ ਆਈ ਹੈ। ਮੋਦੀ ਸਰਕਾਰ ਵੱਲੋਂ ਫਸਲਾਂ ਦੇ ਭਾਅ ਵਿਚ ਕੀਤੇ ਵਾਧੇ ਨੂੰ 'ਸ਼ੋਸ਼ੇਬਾਜ਼ੀ' ਕਰਾਰ ਦਿੰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰੀਬ ਆਉਂਦੀਆਂ ਵੇਖ ਹੁਣ ਪ੍ਰਧਾਨ ਮੰਤਰੀ ਨੂੰ ਕਿਸਾਨ ਯਾਦ ਆ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਏਨੀ ਹੀ ਚਿੰਤਾ ਹੈ ਤਾਂ ਉਹ ਜਲਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੇ।