
‘ਆਪ’ ਪਾਰਟੀ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਨੌਜਵਾਨ ਚਿਹਰਿਆਂ ਦੀ ਤਲਾਸ਼
ਮਲੇਰਕੋਟਲਾ, 17 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਸੂਬੇ ਅੰਦਰ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਸਾਲ 2022 ਦੌਰਾਨ ਪੰਜਾਬ ਵਿਧਾਨ ਸਭਾ ਲਈ ਹੋਣ ਵਾਲੀਆਂ ਆਮ ਚੋਣਾਂ ਨੂੰ ਧਿਆਨ ਵਿਚ ਰਖਦਿਆਂ ਸਰਗਰਮੀਆਂ ਵਧਾ ਦਿਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਸੂਬੇ ਅੰਦਰ ਆਮ ਆਦਮੀ ਪਾਰਟੀ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਹੋਰ ਮਜ਼ਬੂਤੀ ਬਖਸ਼ਣ ਲਈ ਉੱਚ ਪਧਰੀ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਸੱਭ ਤੋਂ ਪਹਿਲਾਂ ਸੂਬੇ ਅੰਦਰ ਹਲਕਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਹੜੇ ਆਪੋ-ਅਪਣੇ ਹਲਕਿਆਂ ਅੰਦਰ ਪਾਰਟੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਸਖ਼ਤ ਮਿਹਨਤ ਕਰਨ ਵਾਲੇ ਅਤੇ ਚੋਣ ਜਿੱਤਣ ਲਈ ਸੰਭਾਵਤ, ਸਰਵ ਪ੍ਰਵਾਨਤ ਅਤੇ ਮਜ਼ਬੂਤ ਉਮੀਦਵਾਰਾਂ ਬਾਰੇ ‘ਆਪ’ ਹਾਈਕਮਾਂਡ ਦੀ ਉੱਚ ਪਧਰੀ ਸਿਲੈਕਸ਼ਨ ਕਮੇਟੀ ਨੂੰ ਸਮੇਂ ਸਮੇਂ ਸਿਰ ਸੂਚਿਤ ਕਰਦੇ ਰਹਿਣਗੇ।
ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਦੀ ਉਮਰ ਸਬੰਧੀ ਭਾਵੇਂ ਇਸ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵਲੋਂ ਫਿਲਹਾਲ ਕੋਈ ਅੰਤਮ ਨਿਰਣਾ ਨਹੀਂ ਲਿਆ ਗਿਆ ਪਰ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਲਈ 2022 ਦੀਆ ਚੋਣਾਂ ਲੜਨ ਲਈ ਨੌਜਵਾਨ ਚਿਹਰਿਆਂ ਦੀ ਹੀ ਤਲਾਸ਼ ਹੈ ਕਿਉਂਕਿ ਪਾਰਟੀ ਮੁਤਾਬਕ ਕੰਮ ਕਰਨ ਦਾ ਚਾਅ ਅਤੇ ਉਤਸ਼ਾਹ ਸਿਰਫ਼ ਨੌਜਵਾਨਾਂ ਵਿਚ ਹੀ ਵੇਖਿਆ ਗਿਆ ਹੈ ਜਦਕਿ ਵੱਡੀ ਉਮਰ ਦੇ ਉਮੀਦਵਾਰਾਂ ਵਿਚ ਨੌਜਵਾਨਾਂ ਵਰਗਾ ਉਤਸ਼ਾਹ, ਹੌਸਲਾ, ਸ਼ਕਤੀ ਅਤੇ ਸਮਰਥਾ ਗ਼ੈਰ ਹਾਜ਼ਰ ਹੋ ਜਾਂਦੀ ਹੈ। ਸੂਬੇ ਅੰਦਰ ਰਵਾਇਤੀ ਰਾਜਨੀਤਕ ਪਾਰਟੀਆ ਤੋਂ ਹਾਰੇ ਹੰਭੇ ਪੰਜਾਬ ਦੇ ਵੋਟਰ ਵੀ ਇਹ ਚਾਹੁੰਦੇ ਹਨ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਅੰਦਰ ਵਿਧਾਇਕੀ ਦੀ ਚੋਣ ਲੜਨ ਲਈ ਸਿਰਫ਼ ਨੌਜਵਾਨਾਂ ਨੂੰ ਹੀ ਢੁਕਵੇਂ ਮੌਕੇ ਦਿਤੇ ਜਾਣ ਕਿਉਂਕਿ ਇਕ ਵਾਰ ਕਾਂਗਰਸ ਪਾਰਟੀ ਦੇ ਸੁਪਰੀਮੋ ਰਾਹੁਲ ਗਾਂਧੀ ਨੇ ਯੂਥ ਨੂੰ ਉਤਸ਼ਾਹਤ ਕਰਨ ਲਈ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ।
ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਸੂਬੇ ਅੰਦਰ ਬਤੌਰ ਕੰਮ ਕਰਦੇ ਇਕ ਉਚ ਆਗੂ ਨਾਲ ਸਪੋਕਸਮੈਨ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜਾਂ ਨੂੰ ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਲਾਇਆ ਗਿਆ ਹੈ ਪਰ ਹਲਕੇ ਅੰਦਰ ਪਾਰਟੀ ਦੇ ਵਡੇਰੇ ਹਿਤਾਂ ਲਈ ਲਗਾਤਾਰ ਕੰਮ ਕਰਦਿਆਂ ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਹੀ ਜਿੱਤਣ ਵਾਲੇ ਉਮੀਦਵਾਰਾਂ ਬਾਰੇ ਹਾਈਕਮਾਂਡ ਨੂੰ ਅਪਣੀ ਰੀਪੋਰਟ ਸੌਪਣਗੇ। ਉਨ੍ਹਾਂ ਕਿਹਾ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਨਾ ਕੰਮ ਕਰਨ ਵਾਲੇ ਹਲਕਾ ਇੰਚਾਰਜਾਂ ਨੂੰ ਬਦਲਿਆ ਵੀ ਜਾ ਸਕਦਾ ਹੈ।